ਜਮਹੂਰੀ ਕਿਸਾਨ ਸਭਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ।
ਮੁੱਖ ਚੋਣ ਕਮਿਸ਼ਨਰ ਨੇ ਨਿਰਪੱਖ ਸੰਵਿਧਾਨਿਕ ਸੰਸਥਾ ਦੀ ਭਰੋਸੇ ਯੋਗਤਾ ਖਤਮ ਕੀਤੀ: ਮੋਹਣ ਸਿੰਘ ਧਮਾਣਾ।
ਰੂਪਨਗਰ/8 ਅਕਤੂਬਰ: ਜਮਹੂਰੀ ਕਿਸਾਨ ਸਭਾ (Aikm) ਦੇ ਕਾਰਕੁੰਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਧਰਮਪਾਲ ਸੈਣੀ ਮਾਜਰਾ ਅਤੇ ਕਰਮ ਚੰਦ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਨੰਗੇ ਚਿੱਟੇ ਰੂਪ ਵਿੱਚ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕੀਤੀਆਂ ਆਪ ਹੁਦਰੀਆਂ ਨਿਰੰਕੁਸ਼ ਕਾਰਵਾਈਆਂ, ਧਾਂਦਲੀਆਂ ਖਿਲਾਫ ਰੋਸ ਪ੍ਰਗਟ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੁਬਾਈ ਆਗੂ ਕਾਮਰੇਡ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੁੱਖ ਚੋਣ ਕਮਿਸ਼ਨਰ ਨੇ ਜਿਵੇਂ ਭਾਜਪਾ ਨੂੰ ਨੰਗੇ ਚਿੱਟੇ ਰੂਪ ਵਿੱਚ ਫਾਇਦਾ ਵਜਾਉਣ ਲਈ ਸਾਰੇ ਕਾਇਦੇ ਕਾਨੂੰਨ ਅਤੇ ਨੈਤਿਕ ਕਦਰਾਂ ਕੀਮਤਾਂ ਛਿੱਕੇ ਤੇ ਟੰਗ ਕੇ ਕਾਰਵਾਈਆਂ ਕੀਤੀਆਂ ਭਾਵੇਂ ਉਹ ਐਸ ਆਈ ਆਰ ਦੌਰਾਨ ਵਿਰੋਧੀ ਵੋਟਾਂ ਕੱਟਣੀਆਂ ਹੋਣ ਜਾਂ ਭਾਜਪਾ ਆਗੂਆਂ ਦੀਆਂ ਨਫਰਤ ਫੈਲਾਉਂਦੀਆਂ ਤਕਰੀਰਾਂ ਦੀਆਂ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨੀ, ਇਹ ਸਿੱਧ ਕਰਦੀ ਹੈ ਕਿ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨ ਨੂੰ ਭਾਜਪਾ ਦਾ ਇੱਕ ਅੰਗ ਬਣਾ ਕੇ ਇਸ ਅਹੁਦੇ ਦੀ ਪ੍ਰਤਿਸ਼ਠਾ ਅਤੇ ਭਰੋਸੇ ਯੋਗਤਾ ਖਤਮ ਕਰ ਦਿੱਤੀ ਹੈ।ਇਸ ਅਪਰਾਧਕ ਕਾਰਵਾਈ ਲਈ ਗਿਆਨੇਸ਼ ਕੁਮਾਰ ਨੂੰ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਅਤੇ ਐਸ ਆਈਆਰ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਰੱਦ ਕਰਕੇ ਦੁਬਾਰਾ ਕਰਵਾਈਆਂ ਜਾਣ ਤਾਂ ਜੋ ਲੋਕਾਂ ਵਿੱਚ ਚੋਣ ਕਮਿਸ਼ਨ ਦੀ ਭਰੋਸੇ ਯੋਗਤਾ ਬਹਾਲ ਹੋ ਸਕੇ। ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਗੱਦੀ ਛੱਡਣ ਅਤੇ ਐਸਆਈਆਰ ਨੂੰ ਤੁਰੰਤ ਰੋਕਿਆ ਜਾਵੇ। ਪੁਰਾਣੀਆਂ ਵੋਟਾਂ ਬਹਾਲ ਕੀਤੀਆਂ ਜਾਣ, ਈਵੀਐਮ ਦੀ ਥਾਂ ਬੈਲਟ ਪੇਪਰ ਨਾਲ ਚੋਣਾਂ ਕਰਵਾਈਆਂ ਜਾਣ। ਲੋਕਤੰਤਰ ਦੀ ਮਜਬੂਤੀ ਲਈ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਹੋਣੀਆਂ ਬਹੁਤ ਜਰੂਰੀ ਹਨ। ਹਰ ਇਕ ਭਾਰਤੀ ਦਾ ਜਮਹੂਰੀ ਹੱਕ ਬਹਾਲ ਕੀਤਾ ਜਾਵੇ ਅਤੇ ਗੈਰ ਜਰੂਰੀ ਕਾਰਵਾਈਆਂ ਤੋਂ ਬਚਿਆ ਜਾਵੇ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਮਾਰਚ ਉਪਰੰਤ ਕਮਿਸ਼ਨਰ ਦਫਤਰ ਅੱਗੇ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸਾਥੀ ਸ਼ਮਸ਼ੇਰ ਸਿੰਘ ਹਵੇਲੀ ,ਮਹਿੰਦਰ ਸਿੰਘ ਰੰਧਾਵਾ ,ਦਰਸ਼ਨ ਸਿੰਘ ਬੜਵਾ, ਹੀਰਾ ਲਾਲ ਅਬਿਆਣਾ, ਸੁਰਿੰਦਰ ਸਿੰਘ ਬਡਵਾਲ, ਯੋਗਰਾਜ, ਸੁਰਜੀਤ ਸਿੰਘ ,ਬਲਵੰਤ ਲਹਿੜੀਆਂ ,ਅਵਤਾਰ ਸਿੰਘ, ਹਜ਼ਾਰਾ ਸਿੰਘ ਲਸਾੜੀ, ਰਾਮ ਲੋਕ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।

Comments
Post a Comment