ਮਜ਼ਦੂਰਾਂ ਤੇ ਕਿਸਾਨਾਂ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
ਬਿਲਗਾ-07 ਅਕਤੂਬਰ, ਲੋਕਤੰਤਰ ਦਾ ਘਾਣ ਕਰਨ ਵਾਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਅੱਜ ਕਸਬਾ ਬਿਲਗਾ ਵਿਖੇ ਫੂਕਿਆ ਗਿਆ। ਜਮਹੂਰੀ ਕਿਸਾਨ ਸਭਾ ਦੇ ਸੱਦੇ ‘ਤੇ ਪੁਤਲਾ ਫੂਕਣ ਵੇਲੇ ਇਕੱਤਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਵੋਟ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕਰਕੇ ਬੀਜੇਪੀ ਦੀ ਮੋਦੀ ਸਰਕਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕਮਾਰ ਦੀ ਸਹਾਇਤਾ ਰਾਹੀਂ ਭਾਰਤ ਦੇ ਕਈ ਸੂਬਿਆਂ ਵਿਚ ਕਾਬਜ ਹੋ ਚੁੱਕੀ ਹੈ, ਇਸੇ ਲੜੀ ਤਹਿਤ ਮੋਦੀ ਸਰਕਾਰ ਵਲੋਂ ਪੰਜਾਬ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਸੰਘਰਸ਼ ਆਰੰਭ ਕੀਤਾ ਗਿਆ ਹੈ ਅਤੇ ਹੁਣ ਇਹ ਅੰਦੋਲਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਸਾਰੇ ਭਾਰਤ ਵਿੱਚ ਫੈਲ ਚੁੱਕਾ ਹੈ।
ਸਭਾ ਦੇ ਆਗੂਆਂ ਨੇ ਕਿਹਾ ਜੰਤਰ ਮੰਤਰ ਦੇ ਸੰਘਰਸ਼ ਲਈ ਨੌਜਵਾਨ, ਵਿਦਿਆਰਥੀ ਤੇ ਜੂਝਦੇ ਲੋਕਾਂ ਨੇ ਦਿੱਲੀ ਪੁਲਿਸ ਕੋਲੋਂ ਸੰਘਰਸ਼ ਲਈ ਮਨਜ਼ੂਰੀ ਦੀ ਅਰਜ਼ੀ ਦਿੱਤੀ ਸੀ ਪਰ ਤਾਨਾਸ਼ਾਹ ਮੋਦੀ ਸਰਕਾਰ ਦੀ ਦਲਾਲ ਦਿੱਲੀ ਪੁਲਿਸ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਜੰਤਰ ਮੰਤਰ ਦੇ ਮੈਦਾਨ ਨੂੰ ਫੌਜੀ ਛਾਉਣੀ ਬਣਾ ਦਿੱਤਾ। ਦੇਸ਼ ਦੀਆਂ ਧੀਆਂ ਜੋ ਲੋਕਤੰਤਰ ਨੂੰ ਬਚਾਉਣ ਅਤੇ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿੱਚ ਅੱਗੇ ਆਗੂ ਰੋਲ ਨਿਭਾ ਰਹੀਆਂ ਹਨ, ਨੂੰ ਪੁਰਸ਼ ਪੁਲਿਸ ਮੁਲਾਜ਼ਮਾਂ ਵਲੋਂ ਗ਼ਲਤ ਤਰੀਕੇ ਨਾਲ ਬੇਸ਼ਰਮੀ ਨਾਲ ਫੜਿਆ ਗਿਆ ਹੈ। ਆਗੂਆਂ ਨੇ ਦੇਸ਼ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਲਈ, ਸੰਵਿਧਾਨ ਵਿਰੋਧੀ ਤਾਕਤਾਂ ਦੇ ਖਿਲਾਫ਼ ਨੌਜਵਾਨ ਪੀੜ੍ਹੀ ਤੋਂ ਇਲਾਵਾ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਜਥੇਬੰਦ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮਾ. ਕੁਲਦੀਪ ਵਾਲੀਆ ਨੇ ਸਰਕਾਰ ਦੇ ਤਾਨਾਸ਼ਾਹੀ ਰਵਈਏ ਖ਼ਿਲਾਫ਼ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਪੁਤਲਾ ਸਾੜਨ ਵੇਲੇ ਡਾ. ਸਰਬਜੀਤ ਮੁਠੱਡਾ, ਸਰਬਜੀਤ ਸੰਗੋਵਾਲ, ਕੁਲਵੰਤ ਖਹਿਰਾ, ਬਲਬੀਰ ਬੀਰੀ, ਸੁਰਿੰਦਰ ਮੰਗਾ, ਬਿਹਾਰੀ ਲਾਲ ਔਜਲਾ, ਰਾਮ ਜੀ ਔਜਲਾ, ਕੁਲਵੰਤ ਔਜਲਾ, ਕੁਲਦੀਪ ਸਿਆਣ, ਸਤੀਸ਼ ਪੁਆਦੜਾ, ਬਲਬੀਰ ਸਿੰਘ ਰਾਣਾ ਆਦਿ ਹਾਜ਼ਰ ਸਨ। ਨੌਜਵਾਨਾਂ ਨੇ ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

Comments
Post a Comment