*ਅਮਰੀਕਾ ਨਾਲ ਵਪਾਰ ਸਮਝੌਤੇ ਦਾ ਕਿਸਾਨ ਡਟਵਾਂ ਵਿਰੋਧ ਕਰਨਗੇ
ਜਲੰਧਰ- 20 ਸਤੰਬਰ, ਆਲ ਇੰਡੀਆ ਕਿਸਾਨ ਮਹਾਂ ਸਭਾ ਦੀ ਰਾਸ਼ਟਰੀ ਕਾਨਫਰੰਸ ਮੌਕੇ ਜਲੰਧਰ ਵਿਖੇ ਵਿਸ਼ਾਲ ਕਿਸਾਨ-ਮਜ਼ਦੂਰ ਏਕਤਾ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿੱਚ ਵੱਖ-ਵੱਖ ਝੰਡਿਆਂ ਹੇਠ ਇਕੱਠੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਵਪਾਰ ਸਮਝੌਤਾ ਸਿੱਧੇ ਤੌਰ ਤੇ ਕਿਸਾਨਾਂ ਦੇ ਹਿੱਤਾਂ ਤੇ ਹਮਲਾ ਹੈ। ਇਸ ਸਮਝੌਤੇ ਨਾਲ ਵਿਦੇਸ਼ੀ ਖੇਤੀ ਉਤਪਾਦ ਸਸਤੇ ਭਾਅ ਤੇ ਭਾਰਤ ਵਿੱਚ ਆਉਣਗੇ, ਜਿਸ ਨਾਲ ਦੇਸੀ ਕਿਸਾਨਾਂ ਦੀ ਫਸਲ ਦਾ ਭਾਅ ਬੁਰੀ ਤਰ੍ਹਾਂ ਡਿੱਗੇਗਾ ਅਤੇ ਖੇਤੀ ਘਾਟੇ ਦਾ ਸੌਦਾ ਬਣ ਜਾਵੇਗੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਕਿਸਾਨ ਇਸ ਸਮਝੌਤੇ ਦਾ ਡਟਵਾਂ ਵਿਰੋਧ ਕਰਨਗੇ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਖੇਤੀਬਾੜੀ ਵਿੱਚ ਕਾਰਪੋਰੇਟ ਘਰਾਣਿਆਂ ਦੀ ਦਖਲਅੰਦਾਜ਼ੀ ਲਗਾਤਾਰ ਵੱਧ ਰਹੀ ਹੈ, ਜਿਸ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ। ਕਿਸਾਨ ਆਗੂਆਂ ਨੇ ਬਿਜਲੀ ਬਿੱਲ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਇਹ ਬਿੱਲ ਲਾਗੂ ਹੋਣ ਨਾਲ ਗਰੀਬ ਅਤੇ ਛੋਟੇ ਕਿਸਾਨਾਂ ਤੇ ਵਾਧੂ ਬੋਝ ਪਵੇਗਾ। ਇਸ ਦੇ ਨਾਲ ਹੀ ਅਗਨੀ-ਵੀਰ ਯੋਜਨਾ ਨੂੰ ਵੀ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਾਰ ਦਿੱਤਾ ਗਿਆ। ਮਜ਼ਦੂਰਾਂ ਦੀਆਂ ਘੱਟ ਉਜਰਤਾਂ ਅਤੇ ਮਹਿੰਗਾਈ ਦੇ ਮੁੱਦੇ ਤੇ ਵੀ ਸਰਕਾਰ ਨੂੰ ਘੇਰਿਆ ਗਿਆ।
ਕਾਨਫਰੰਸ ਦੌਰਾਨ ਕਿਸਾਨ ਮਹਾਂ ਸਭਾ ਦੇ ਕੌਮੀ ਜਨਰਲ ਸਕੱਤਰ ਰਾਜਾ ਰਾਮ ਸਿੰਘ ਮੈਂਬਰ ਲੋਕ ਸਭਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਸਕੱਤਰ ਕੁਲਵੰਤ ਸਿੰਘ ਸੰਧੂ, ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ਨਵਾਂ ਜ਼ਮਾਨਾ ਸੰਸਥਾ ਦੇ ਅਰਜਨ ਸਿੰਘ ਗੜਗੱਜ, ਸਕੱਤਰ ਪ੍ਰਿਥੀਪਾਲ ਸਿੰਘ, ਧੀਰੇਂਦਰ ਝਾਅ, ਸਾਬਕਾ ਵਿਧਾਇਕ ਡਾ. ਸੁਨੀਲਮ, ਮੁਕਤੀ ਮੋਰਚਾ ਪ੍ਰਧਾਨ ਗੋਬਿੰਦ ਛਾਜਲੀ, ਪ੍ਰਧਾਨ ਦਰਸ਼ਨ ਸਿੰਘ ਨਾਹਰ, ਸੀ.ਪੀ.ਆਈ. (ਐਮ.ਐਲ.) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਪਰਗਟ ਸਿੰਘ ਅਤੇ ਪੁਰਸ਼ੋਤਮ ਸ਼ਰਮਾ ਵੱਲੋਂ ਕੀਤਾ ਗਿਆ।
ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਡਾ. ਧੰਨਾ ਮੱਲ ਦੀ ਅਗਵਾਈ ਵਿੱਚ ਮੈਡੀਕਲ ਸਹਾਇਤਾ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸਵਾਗਤ ਕਮੇਟੀ ਦੇ ਚੇਅਰਮੈਨ ਕਾਹਨ ਸਿੰਘ ਪੰਨੂ, ਲੋਕ ਸਭਾ ਮੈਂਬਰ ਸੁਦਾਮਾ ਪ੍ਰਸਾਦ, ਏਟਕ ਦੇ ਜਨਰਲ ਸਕੱਤਰ ਰਾਜੀਵ ਡਿਮਰੀ, ਰੇਲਵੇ ਦੇ ਆਗੂ ਸਰਬਜੀਤ ਸਿੰਘ, ਪੱਗੜੀ ਸੰਭਾਲ ਜੱਟਾ ਦੇ ਪ੍ਰਧਾਨ ਮਨਦੀਪ ਸਿੰਘ, ਮਹਾਰਾਸ਼ਟਰ ਤੋਂ ਪ੍ਰਧਾਨ ਕਿਸ਼ੋਰ ਧਮਾਲੇ, ਰਾਜਸਥਾਨ ਤੋਂ ਕਿਸਾਨ ਆਗੂ ਫੂਲ ਚੰਦ, ਪੰਜਾਬ ਕਿਸਾਨ ਯੂਨੀਅਨ ਪ੍ਰਧਾਨ ਰੁਲਦੂ ਸਿੰਘ ਮਾਨਸਾ, ਲਿਬਰੇਸ਼ਨ ਆਗੂ ਗੁਰਮੀਤ ਸਿੰਘ ਬਖਤੂਪੁਰ, ਸੁਖਦਰਸ਼ਨ ਸਿੰਘ ਨੱਤ, ਬਿਹਾਰ ਦੇ ਸਾਬਕਾ ਵਿਧਾਇਕ ਸਤਿਆ ਦੇਵ ਰਾਮ, ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ, ਕਾਮਰੇਡ ਗੁਰਮੀਤ ਸਿੰਘ, ਡਾ. ਗੁਰਚਰਨ ਸਿੰਘ ਰਾਏਕੋਟ, ਕਿਸਾਨ ਆਗੂ ਰਘਬੀਰ ਸਿੰਘ ਬੈਨੀਪਾਲ, ਬੂਟਾ ਸਿੰਘ ਚੱਕਰ, ਹਰਨੇਕ ਸਿੰਘ ਗੁਜਰਵਾਲ, ਭਾਈ ਸ਼ਮਸ਼ੇਰ ਸਿੰਘ ਆਸੀ,ਜਸਵਿੰਦਰ ਸਿੰਘ ਲਾਡੀ ਅਤੇ ਹੋਰ ਕਿਸਾਨ ਆਗੂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਇਸ ਵਿਸ਼ਾਲ ਰੈਲੀ ਵਿੱਚ ਹਾਜ਼ਰ ਹੋਏ।
ਰੈਲੀ ਦੇ ਅੰਤ ਵਿੱਚ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੀ ਖੇਤੀ, ਪਾਣੀ ਅਤੇ ਹਵਾ ਨੂੰ ਬਚਾਉਣ ਲਈ ਸਾਂਝਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਦਿਆਂ ਪਿੰਡ-ਪਿੰਡ ਤੱਕ ਲੋਕਾਂ ਨੂੰ ਜਾਗਰੂਕ ਕੀਤਾ।


Comments
Post a Comment