*20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਕਿਸਾਨਾਂ ਦੀ ਦੇਸ਼ ਪੱਧਰ ਦੀ ਕਾਨਫਰੰਸ ਅਤੇ ਰੈਲੀ ਦੀ ਸਫਲਤਾ ਲਈ ਕਿਸਾਨ ਆਗੂਆਂ ਦੀ ਵਿਸ਼ਾਲ ਤਿਆਰੀ ਮੀਟਿੰਗ
ਜਲੰਧਰ, 9 ਅਗਸਤ 26, ਆਲ ਇੰਡੀਆ ਕਿਸਾਨ ਮਹਾਸਭਾ ਦੀ 20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਆਲ ਇੰਡੀਆ ਡੈਲੀਗੇਟ ਕਾਨਫਰੰਸ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਰੂਪਰੇਖਾ ਉਲੀਕਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ ਦੀ ਇੱਕ ਭਰਵੀਂ ਜਨਰਲ ਬਾਡੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਗੁਰਨਾਮ ਸਿੰਘ ਭੀਖੀ, ਮੋਹਨ ਸਿੰਘ ਧਮਾਣਾ, ਅਸ਼ਵਨੀ ਕੁਮਾਰ ਲੱਖਣ ਕਲਾਂ, ਮਨਜੀਤ ਸਿੰਘ ਬੱਗੂ, ਚਰਨਜੀਤ ਸਿੰਘ ਭਿੰਡਰ ਤੇ ਹਰਜੀਤ ਸਿੰਘ ਕਲਾਨੌਰ ਨੇ ਕੀਤੀ। ਮੀਟਿੰਗ ਨੂੰ ਦੋਵਾਂ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਸੁਖਦਰਸ਼ਨ ਸਿੰਘ ਨੱਤ, ਰਘਬੀਰ ਸਿੰਘ ਬੈਨੀਪਾਲ, ਗੁਰਜੰਟ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ ਤੋਂ ਇਲਾਵਾ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੇਂਦਰੀ ਜਥੇਬੰਦਕ ਸਕੱਤਰ ਕਾਮਰੇਡ ਪ੍ਰਸ਼ੋਤਮ ਸ਼ਰਮਾ, ਹਰਿਆਣਾ ਤੋਂ ਆਏ ਪੱਗੜੀ ਸੰਭਾਲ ਜੱਟਾ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਨੱਥਵਾਨ ਅਤੇ ਜਮਹੂਰੀ ਕਿਸਾਨ ਸਭਾ ਹਰਿਆਣਾ ਦੇ ਆਗੂ ਤੇਜਿੰਦਰ ਸਿੰਘ ਥਿੰਦ ਨੇ ਸੰਬੋਧਨ ਕੀਤਾ।
ਬੁਲਾਰਿਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਅਮਰੀਕਾ ਨਾਲ ਜੋ ਮੁਕਤ ਵਪਾਰ ਸਮਝੌਤਾ ਕੀਤਾ ਹੈ, ਉਸ ਦੇ ਅਮਲ ਵਿੱਚ ਆਉਣ ਨਾਲ ਦੇਸ਼ ਦੀ ਖੇਤੀ, ਸਨਅਤ ਅਤੇ ਰੁਜ਼ਗਾਰ ਦੀ ਅਣ ਕਿਆਸੀ ਤਬਾਹੀ ਹੋਵੇਗੀ। ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਵੰਨ ਸੁਵੰਨੇ ਬਹਾਨਿਆਂ ਨਾਲ ਕਾਰਪੋਰੇਟਰਾਂ ਦਾ ਖੇਤੀ ਯੋਗ ਜ਼ਮੀਨ ਨੂੰ ਹੜਪਣ ਦਾ ਹਮਲਾ ਜਿਉਂ ਦਾ ਤਿਉਂ ਜਾਰੀ ਹੈ। ਵਾਰ ਵਾਰ ਵਾਦੇ ਕਰਨ ਅਤੇ ਕਮੇਟੀਆਂ ਬਣਾਉਣ ਦੇ ਬਾਵਜੂਦ ਖੇਤੀ ਜਿਣਸਾਂ ਦੀ ਐਮ ਐਸ ਪੀ ਉਤੇ ਖਰੀਦ ਦੀ ਗਾਰੰਟੀ ਕਰਨ ਲਈ ਹਾਲੇ ਤੱਕ ਡੱਕਾ ਤੱਕ ਨਹੀਂ ਤੋੜਿਆ ਗਿਆ। ਕਾਰਪੋਰੇਟਰਾਂ ਦਾ ਲੱਖਾਂ ਕਰੋੜ ਰੁਪਏ ਕਰਜ਼ਾ ਮਾਫ਼ ਕਰਨ ਵਾਲੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਬਣ ਰਹੇ ਭਾਰੀ ਕਰਜ਼ੇ ਨੂੰ ਖਤਮ ਕਰਨ ਬਾਰੇ ਮੂੰਹ ਖੋਲ੍ਹਣ ਲਈ ਵੀ ਤਿਆਰ ਨਹੀਂ। ਜਦੋਂ ਕਿ ਤੇਜ਼ੀ ਨਾਲ ਵੱਧ ਰਹੀਆਂ ਖੇਤੀ ਲਾਗਤਾਂ ਨੂੰ ਕੰਟਰੋਲ ਕਰਨ ਵਿੱਚ ਸਰਕਾਰ ਦੀ ਕੋਈ ਦਿਲਚਸਪੀ ਨਹੀਂ ਹੈ।ਢੁਕਵਾਂ ਰੁਜ਼ਗਾਰ ਨਾ ਮਿਲਣ ਕਾਰਨ ਕਿਸਾਨਾਂ ਦੇ ਬੱਚੇ ਲੱਖਾਂ ਰੁਪਏ ਖਰਚ ਕੇ ਜਾਇਜ਼ ਜਾਂ ਨਾਜਾਇਜ਼ ਢੰਗਾਂ ਨਾਲ ਵਿਦੇਸ਼ ਜਾਣ ਲਈ ਮਜ਼ਬੂਰ ਹੋ ਰਹੇ ਹਨ। ਅਜਿਹੇ ਸਾਰੇ ਮਾਰੂ ਹੱਲਿਆਂ ਦਾ ਮੂੰਹ ਭੰਨਣ ਲਈ ਅਤੇ ਜਮਹੂਰੀ ਕਿਸਾਨ ਅੰਦੋਲਨ ਨੂੰ ਦੇਸ਼ ਪੱਧਰ 'ਤੇ ਹੋਰ ਮਜ਼ਬੂਤ ਤੇ ਵਿਆਪਕ ਬਣਾਉਣ ਲਈ ਹੀ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਇਕਜੁੱਟ ਹੋਣ ਦਾ ਫੈਸਲਾ ਕੀਤਾ ਹੈ।
ਇਹ ਜਥੇਬੰਦੀਆਂ ਮਿਲ ਕੇ ਪੰਜਾਬ ਵਿੱਚ ਪ੍ਰਚਾਰ ਤੇ ਲਾਮਬੰਦੀ ਦੀ ਇਕ ਵੱਡੀ ਮੁਹਿੰਮ ਚਲਾ ਕੇ ਕਿਸਾਨ ਮਹਾਸਭਾ ਦੀ ਆਲ ਇੰਡੀਆ ਕਾਨਫਰੰਸ ਦੀ ਸ਼ੁਰੂਆਤ ਮੌਕੇ ਜਲੰਧਰ ਵਿਖੇ ਕਿਸਾਨਾਂ ਦਾ ਇਕ ਬੇਮਿਸਾਲ ਅਤੇ ਇਤਿਹਾਸਕ ਇਕੱਠ ਕਰਨ ਲਈ ਅਪਣੀ ਪੂਰੀ ਤਾਕਤ ਝੋਕ ਦੇਣਗੀਆਂ। ਰੈਲੀ ਤੋਂ ਬਾਅਦ ਦੇਸ਼ ਦੇ ਕਰੀਬ 18 ਸੂਬਿਆਂ ਤੋਂ ਪਹੁੰਚਣ ਵਾਲੇ ਸੈਂਕੜੇ ਕਿਸਾਨ ਪ੍ਰਤੀਨਿਧਾਂ ਦੀ ਹਾਜ਼ਰੀ ਵਾਲੀ ਕੌਮੀ ਕਾਨਫਰੰਸ ਆਰੰਭ ਹੋਵੇਗੀ।
ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ 20 ਸਤੰਬਰ ਦੀ ਵਿਸ਼ਾਲ ਰੈਲੀ ਵਿੱਚ ਦੇਸ਼ ਭਰ ਵਿੱਚ ਪੇਪਰ ਲੀਕ ਵਿਰੋਧੀ ਅੰਦੋਲਨ ਵਿੱਚ ਵਿਦਿਆਰਥੀਆਂ ਦੀ ਧੜੱਲੇ ਨਾਲ ਅਗਵਾਈ ਕਰ ਰਹੀ ਚਰਚਿਤ ਆਗੂ ਕਾਮਰੇਡ ਨੇਹਾ ਬੋਰਾ ਨੂੰ ਬੁਲਾ ਕੇ ਸਨਮਾਨਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਆਲ ਇੰਡੀਆ ਕਿਸਾਨ ਕਾਨਫਰੰਸ ਦੇ ਪ੍ਰਚਾਰ ਤੇ ਸੁਚੱਜੇ ਪ੍ਰਬੰਧਾਂ ਲਈ ਵੱਖ ਵੱਖ ਆਗੂਆਂ ਦੀ ਅਗਵਾਈ ਵਿੱਚ ਕਈ ਕਮੇਟੀਆਂ ਵੀ ਬਣਾਈਆਂ ਗਈਆਂ।
ਇਸ ਸਮੇਂ ਹਰਨੇਕ ਸਿੰਘ ਗੁੱਜਰਵਾਲ, ਨਰਿੰਦਰ ਕੌਰ ਬੁਰਜ ਹਮੀਰਾ,ਲਛਮਣ ਸਿੰਘ ਕੂੰਮਕਲਾਂ,ਬਲਰਾਜ ਸਿੰਘ ਕੋਟਉਮਰਾ,ਰਾਮਫਲ ਚੱਕ ਅਲੀਸ਼ੇਰ,ਅਮਰੀਕ ਸਿੰਘ ਫਫੜੇ ਭਾਈ ਕੇ,ਗੁਰਮੇਜ ਸਿੰਘ ਤਿਮੋਵਾਲ,ਧਰਮਪਾਲ ਸਿੰਘ ਸੈਣੀ, ਰਾਜਵੀਰ ਸਿੰਘ ਕਿਲਾ ਰਾਏਪੁਰ, ਮਨੋਹਰ ਸਿੰਘ ਗਿੱਲ,ਭੋਲਾ ਸਿੰਘ ਸਮਾਓ, ਮਨਜਿੰਦਰ ਸਿੰਘ ਢੇਸੀ, ਰੇਸ਼ਮ ਸਿੰਘ ਫੈਲੋਕੇ,ਮੇਜਰ ਸਿੰਘ ਖੁਰਲਾਪੁਰ, ਜਸਵੰਤ ਸਿੰਘ ਰੰਗੀਆਂ ਨੇ ਵੀ ਵਿਚਾਰ ਪੇਸ਼ ਕੀਤੇ।


Comments
Post a Comment