ਸੂਬਾ ਦਫ਼ਤਰ ਜਲੰਧਰ ‘ਚ ਹੋਈ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ
ਜਲੰਧਰ-04 ਮਈ, ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਸ਼ੋਕ ਮਤਾ ਪਾਸ ਕਰਕੇ ਪਿਛਲੇ ਸਮੇਂ ਵਿੱਚ ਵਿੱਛੜੇ ਸਾਥੀਆਂ ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ, ਮਾ. ਅਵਤਾਰ ਸਿੰਘ ਬੰਡਾਲਾ, ਅਮਰ ਕੌਰ ਕੋਟ ਮਹੁੰਮਦ, ਅਮਰ ਸਿੰਘ ਟੂਸੇ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪਿਛਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕੀਤੇ ਗਏ ਐਕਸ਼ਨਾ ਤੇ ਤਸੱਲੀ ਪ੍ਰਗਟ ਕਰਦਿਆਂ ਸਮੂਹ ਕਿਸਾਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹਨਾਂ ਦੇ ਸੰਘਰਸ਼ ਨੇ ਕੇਂਦਰ ਤੇ ਸੂਬਾ ਸਰਕਾਰ ਦੇ ਕਿਸਾਨ ਤੇ ਲੋਕ ਵਿਰੋਧੀ ਫੈਸਲਿਆ ਨੂੰ ਲਾਗੂ ਹੋਣ ਤੋਂ ਰੋਕ ਕੇ ਰੱਖਿਆ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਬਿਜਾਈ ਲਈ ਬਿਜਲੀ, ਬੀਜ, ਤੇਲ, ਖਾਦ, ਦਵਾਈਆਂ ਆਦਿ ਦੀ ਕੋਈ ਥੋੜ ਨਾ ਆਵੇ ਇਸ ਦੇ ਪ੍ਰਬੰਧ ਲਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾਂ ਜ਼ਰੂਰੀ ਵਸਤਾਂ ਨੂੰ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੱਕ ਪਹੁੰਚਦੀ ਕਰੇ। ਬਿਜਲੀ ਦੀ ਨਿਰਵਿਗਨ ਸਪਲਾਈ ਲਈ ਬਿਜਲੀ ਘਰਾਂ ਵਿੱਚ ਵਾਧੂ ਟ੍ਰਾਸਫਾਰਮ ਅਤੇ ਹੋਰ ਲੋੜੀਂਦਾ ਸਮਾਨ ਸਟੋਰ ਵਿੱਚ ਰੱਖਿਆ ਜਾਵੇ। ਉਹਨਾਂ ਆਖਿਆ ਕਿ ਨਹਿਰੀ ਪਾਣੀ ਨੂੰ ਹਰ ਕਿਸਾਨ ਦੇ ਖੇਤ ਤੱਕ ਪੁੱਜਦਾ ਕੀਤਾ ਜਾਵੇ। ਇਸ ਮੌਕੇ ਤੇ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਬਾਹਡਰ ਏਰੀਏ ਦੇ ਕਿਸਾਨਾਂ ਨੂੰ ਜਿੰਨਾ ਦੀ ਜ਼ਮੀਨ ਤਾਰ ਤੋ ਪਿੱਛੇ ਹੈ ਦਾ ਮੁਆਵਜ਼ੇ ਦੇ ਤੌਰ ਤੇ ਜਾਰੀ ਕੀਤਾ 10000/- ਹਜ਼ਾਰ ਰੁਪਏ ਏਕੜ ਦੇ ਪੈਸੇ ਤਰੁੰਤ ਵੰਡੇ ਜਾਣ ਅਤੇ ਅੱਗੇ ਤੋਂ 30000/- ਰੁਪਏ ਪ੍ਰਤੀ ਏਕੜ ਦਾ ਐਲਾਨ ਕੀਤਾ ਜਾਵੇ। ਉਹਨਾਂ ਕਿਹਾ ਕਿ ਬਾਸਮਤੀ ਝੋਨੇ ਦਾ ਫ਼ਾਈਨ ਦਾ 4500/- ਰੁਪਏ ਅਤੇ ਸੁਪਰ ਫ਼ਾਈਨ ਦਾ 5500/- ਪ੍ਰਤੀ ਕੁਵਿੰਟਲ ਭਾਅ ਤਹਿ ਕੀਤਾ ਜਾਵੇ। ਉਹਨਾ ਆਖਿਆ ਕਿ ਜੇ ਸੂਬਾ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਸੂਬਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਪ੍ਰੈੱਸ ਨੂੰ ਜਾਰੀ ਕੀਤੇ ਨੋਟ ਵਿੱਚ ਆਖਿਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨਾਂ ਦੀ ਹਰ ਮੁਸ਼ਕਲ ਦੇ ਹੱਲ ਲਈ ਜਦੋਜਹਿਦ ਕਰਦੀ ਰਹੇਗੀ। ਉਹਨਾਂ ਕਿਹਾ ਕਿ ਜੇ ਕਿਸਾਨਾਂ ਨੂੰ ਬਿਜਲੀ, ਪਾਣੀ, ਖਾਦ, ਦਵਾਈਆਂ ਜਾਂ ਬੀਜਾਂ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸਭਾ ਦੇ ਸਥਾਨਿਕ ਆਗੂਆਂ ਨਾਲ ਰਾਬਤਾ ਕਰਨ। ਉਹਨਾ ਦੀ ਮੁਸ਼ਕਲ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਰਘਵੀਰ ਸਿੰਘ ਬੈਨੀਪਾਲ, ਰਤਨ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਬੁਟਾਰੀ, ਮਨਜੀਤ ਸਿੰਘ ਬੱਗੂ, ਮਲਕੀਤ ਸਿੰਘ ਨਿਆਲ, ਹਰਜੀਤ ਸਿੰਘ ਕਾਹਲੋ, ਮਾ. ਹਰਭਜਨ ਸਿੰਘ, ਮੇਜਰ ਸਿੰਘ ਖੁਰਲਾਪੁਰ, ਅਮਰੀਕ ਸਿੰਘ ਮਾਨਸਾ, ਵਰਿੰਦਰਜੀਤ ਸਿੰਘ ਪੁਰੀ, ਰੇਸ਼ਮ ਸਿੰਘ ਫੈਰੋਕੇ ਆਦਿ ਹਾਜ਼ਰ ਸਨ।

Comments
Post a Comment