ਚੰਡੀਗੜ੍ਹ ਵਿੱਚ ਕੀਤੀ ਗੁੰਡਾਗਰਦੀ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਰੋਸ ਮੁਜ਼ਾਹਰਾ
ਲੁਧਿਆਣਾ-16 ਮਈ, ਸੰਯੁਕਤ ਕਿਸਾਨ ਮੋਰਚੇ ਨੇ ਸੱਦੇ ਤੇ ਚੰਡੀਗੜ੍ਹ ਵਿੱਚ ਸ਼ਾਂਤੀ ਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋ ਕੀਤੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲਿਆਂ ਅਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਕੇ ਕਿਸਾਨਾਂ ਤੇ ਕੀਤੇ ਜਬਰ ਵਿਰੁੱਧ ਅੱਜ ਨਵੀਂ ਕਚਹਿਰੀ ਦੇ ਬਾਹਰ ਕਿਸਾਨ ਯੂਨੀਅਨਾਂ ਅਤੇ ਕੇਂਦਰੀ ਤੇ ਯੂਨੀਅਨਾਂ ਨੇ ਸਾਂਝੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਅਤੇ ਪੁਤਲੇ ਫੂਕੇ।
ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਜਿੱਥੇ ਮੋਦੀ ਸਰਕਾਰ ਵੱਲੋਂ ਆਪਣੇ ਰਾਜਪਾਲ ਰਾਹੀ ਕੀਤੀ ਗਈ ਗੁੰਡਾਗਰਦੀ ਦੀ ਨਿਖੇਦੀ ਕੀਤੀ ਉੱਥੇ ਇਹ ਵੀ ਬਿਆਨ ਕੀਤਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਭਾਵੇਂ ਉਹ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਦੀ ਨੁਮਾਇੰਦਗੀ ਹੋਵੇ, ਚੰਡੀਗੜ੍ਹ ਪੰਜਾਬ ਦਾ ਹੋਵੇ, ਪੰਜਾਬੀ ਬੋਲਦੇ ਇਲਾਕੇ ਹੋਣ ਜਾਂ ਪਾਣੀਆਂ ਦਾ ਮਸਲਾ ਹੋਵੇ ਨੂੰ ਲੈ ਕੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਸੰਬੋਧਨ ਕਰਨ ਵਾਲਿਆਂ ਵਿੱਚ ਆਲ ਇੰਡੀਆ ਕਿਸਾਨ ਸਭਾ 1936 ਦੇ ਚਮਕੌਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ, ਕੁਲ ਹਿੰਦ ਕਿਸਾਨ ਸਭਾ ਹਨਨਮੁੱਲਾ ਦੇ ਡਾ ਗੁਰਵਿੰਦਰ ਸਿੰਘ, ਬੀਕੇਯੂ ਰਾਜੇਵਾਲ ਦੇ ਕਰਮਜੀਤ ਸਿੰਘ, ਬੀਕੇਯੂ ਡਕੌਂਦਾ ਦੇ ਰਜਿੰਦਰ ਸਿੰਘ, ਬੀਕੇਯੂ ਉਗਰਾਹਾਂ ਦੇ ਪਲਵਿੰਦਰ ਸਿੰਘ ਸਨੇਤ, ਏਟਕ ਦੇ ਵਿਜੇ ਕੁਮਾਰ, ਸੀਟੂ ਦੇ ਹਨੁਮਾਨ ਪ੍ਰਸ਼ਾਦ ਦੂਬੇ, ਸੀਟੀਯੂ ਪੰਜਾਬ ਦੇ ਜਗਦੀਸ਼ ਚੰਦ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਜਸਵੰਤ ਜੀਰਖ, ਮੈਡੀਕਲ ਐਸੋਸੀਏਸ਼ਨ ਦੇ ਡਾ ਸੁਰਜੀਤ ਸਿੰਘ, ਪ੍ਰੋਫੈਸਰ ਜੈਪਾਲ ਸਿੰਘ, ਕੇਵਲ ਸਿੰਘ ਬਨਵੈਤ, ਪਰਮਜੀਤ ਸਿੰਘ, ਰਾਮ ਲਾਲ ਹਾਜ਼ਰ ਸਨ
। ਸਟੇਜ ਦੀ ਕਾਰਵਾਈ ਏਟਕ ਦੇ ਜਨਰਲ ਸਕੱਤਰ ਕਾਮਰੇਡ ਐਮ ਐਸ ਭਾਟੀਆ ਨੇ ਚਲਾਈ। ਸਾਰਿਆਂ ਦਾ ਧੰਨਵਾਦ ਜੁਆਇੰਟ ਕੌਂਸਲ ਆਫ ਤੇ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਡੀ ਪੀ ਮੌੜ ਨੇ ਕੀਤਾ। ਅੰਤ ਵਿੱਚ ਪ੍ਰਧਾਨ ਮੰਤਰੀ ਅਤੇ ਗਵਰਨਰ ਪੰਜਾਬ ਦਾ ਪੁਤਲਾ ਫੂਕਿਆ ਗਿਆ।

Comments
Post a Comment