ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ
ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਇਲਾਕੇ ਦਾ ਕੀਤਾ ਦੌਰਾ
ਡੇਹਲੋ- 8 ਅਪ੍ਰੈਲ-
ਵਿਗੜੇ ਮੌਸਮ ਕਾਰਨ ਪੱਕੀ ਖੜੀ ਕਣਕ, ਸਰੋਂ ਅਤੇ ਆਲੂਆਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਬੀਤੀ ਰਾਤ ਡੇਹਲੋ, ਕਿਲ੍ਹਾ ਰਾਏਪੁਰ ਇਲਾਕੇ ਦੇ ਪਿੰਡਾਂ ਵਿੱਚ ਪਏ ਮੀਂਹ ਅਤੇ ਕਿਤੇ ਕਿਤੇ ਹੋਈ ਗੜੇਮਾਰੀ ਕਾਰਨ ਖੜੀ ਕਣਕ, ਵੱਢੀ ਹੋਈ ਸਰੋਂ, ਸਬਜ਼ੀਆਂ ਅਤੇ ਆਲੂਆਂ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਜਿਸ ਕਾਰਨ ਪਹਿਲਾਂ ਹੀ ਖੇਤੀ ਧੰਦੇ ਵਿੱਚ ਘਾਟਾ ਸਹਿ ਰਹੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਦੀ ਅਗਵਾਈ ‘ਚ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੂਬਾਈ ਆਗੂ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਬੀਤੀ ਰਾਤ ਪਏ ਮੀਂਹ ਅਤੇ ਕਿਤੇ-ਕਿਤੇ ਹੋਈ ਗੜੇਮਾਰੀ ਕਾਰਨ ਕਿਸਾਨਾਂ ਦੀ ਪੱਕੀ ਕਣਕ, ਸਰੋਂ, ਸਬਜ਼ੀਆਂ ਅਤੇ ਆਲੂਆਂ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਵੇ। ਉਹਨਾਂ ਆਖਿਆ ਕਿ ਕਣਕ ਦੀ ਫ਼ਸਲ ਉੱਪਰ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਬਾਕੀ ਫ਼ਸਲਾਂ ਦੇ ਹੋਏ ਨੁਕਸਾਨ ਦੀ ਸੌ ਫੀਸਦੀ ਨੁਕਸਾਨ ਦੀ ਭਰ ਪਾਈ ਕੀਤੀ ਜਾਵੇ। ਇਸ ਮੌਕੇ ਤੇ ਪੱਲੇਦਾਰ ਯੂਨੀਅਨ ਦੇ ਆਗੂ ਦਾਰਾ ਸਿੰਘ ਘੁੰਗਰਾਣਾ ਨੇ ਆਖਿਆ ਕਿ ਖਰਾਬ ਹੋਏ ਮੌਸਮ ਨੇ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਮੀਂਹ ਵਿੱਚ ਭਿੱਜੀ ਕਣਕ ਆਉਣ ਨਾਲ ਮਜ਼ਦੂਰਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ, ਜਿਸ ਨਾਲ ਉਹਨਾਂ ਦਾ ਸਮਾ ਤੇ ਤਾਕਤ ਵਿਅਰਥ ਜਾਵੇਗੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਮਲਕੀਤ ਸਿੰਘ ਗਰੇਵਾਲ, ਮੋਹਣਜੀਤ ਸਿੰਘ ਗਰੇਵਾਲ, ਪੰਚ ਸਰਬਪ੍ਰੀਤ ਸਿੰਘ ਕਿਲ੍ਹਾ ਰਾਏਪੁਰ, ਰਜਿੰਦਰ ਸਿੰਘ, ਸੁਖਦੇਵ ਸਿੰਘ, ਧਰਮ ਸਿੰਘ ਮਾਜਰੀ ਹਾਜ਼ਰ ਸਨ।


Comments
Post a Comment