ਚਾਚਾ ਅਜੀਤ ਸਿੰਘ ਦੇ ਜਨਮ ਦਿਨ ਮੌਕੇ ਕਿਲ੍ਹਾ ਰਾਏਪੁਰ ‘ਚ ਕਿਸਾਨਾਂ ਨੇ ਉਨਾ ਨੂੰ ਕੀਤਾ ਯਾਦ
ਡੇਹਲੋ-23 ਫਰਵਰੀ-
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕਿਲ੍ਹਾ ਰਾਏਪੁਰ ਵਿਖੇ ਸਥਿਤ ਦਫ਼ਤਰ ਵਿੱਚ ਵਿਸ਼ੇਸ਼ ਇੱਕਤਰਤਾ ਕਰਕੇ ਪਗੜੀ ਸੰਭਾਲ ਜੱਟਾਂ ਲਹਿਰ ਦੇ ਮੋਢੀ, ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ ਮਹਾਨ ਦੇਸ਼ ਭਗਤ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਅੱਜ ਦੇ ਸਮਾਗਮ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਖੇਤੀਬਾੜੀ ਮਹਿਕਮੇ ਦੇ ਸਾਬਕਾ ਅਧਿਕਾਰੀ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਮਿਲਕੇ ਖੇਤੀ ਦੇ ਧੰਦੇ ਨੂੰ ਖਤਮ ਕਰਨ ਦੇ ਰਾਹ ਪਈਆਂ ਹੋਈਆ ਹਨ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਨ ਕਿਸਾਨ ਖੇਤੀ ਤੋ ਬਾਹਰ ਹੋ ਰਹੇ ਹਨ ਅਤੇ ਕਾਰਪੋਰੇਟ ਜ਼ਮੀਨਾਂ ਤੇ ਜਬਰੀ ਕਬਜ਼ੇ ਕਰਕੇ ਖਾਦ ਪਦਾਰਥਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁਕਤ ਵਪਾਰ ਤੇ ਬੀਜ ਬਿੱਲ ਇਸੇ ਦਿਸ਼ਾ ਵਿੱਚ ਸਰਕਾਰ ਦੇ ਕਦਮ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਲੋਕ ਸਰਕਾਰ ਦੀਆਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦੇਣਗੇ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਸੁਰਜੀਤ ਸਿੰਘ ਸੀਲੋ ਨੇ ਚਾਚਾ ਅਜੀਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਆਖਿਆ ਕਿ ਅੱਜ ਖੇਤੀ ਧੰਦੇ ਨੂੰ ਬਚਾਉਣ ਲਈ ਪਗੜੀ ਸੰਭਾਲ ਜੱਟਾਂ ਲਹਿਰ ਵਰਗੀ ਵੱਡੀ ਲਹਿਰ ਮੁੜ ਖੜੀ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਦੇਸ਼ ਦਾ ਸਰਮਾਇਆ ਲੁੱਟਣ ਦੇ ਰਾਹ ਪਈਆਂ ਹੋਈਆਂ ਹਨ। ਜਿੰਨਾਂ ਨੂੰ ਰੋਕਣ ਲਈ ਸਾਨੂੰ ਚਾਚਾ ਅਜੀਤ ਸਿੰਘ ਦੇ ਜੀਵਨ ਅਤੇ ਉਹਨਾਂ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਆਗੂਆਂ ਨੇ ਆਖਿਆ ਕਿ ਉਹ ਚਾਚਾ ਅਜੀਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਲੈਕੇ ਜਾਣਗੇ ਤਾਂ ਜੋ ਕਾਰਪੋਰੇਟ ਪੱਖੀ ਨੀਤੀਆਂ ਨੂੰ ਭਾਜ ਦਿੱਤੀ ਜਾ ਸਕੇ। ਇਸ ਮੌਕੇ ਤੇ ਕਿਸਾਨਾਂ ਨੇ ਲੱਡੂ ਵੀ ਵੰਡੇ ਗਏ। ਅੱਜ ਦੀ ਇਸ ਇੱਕਰਤਾ ਵਿੱਚ ਹੋਰਨਾ ਤੋ ਇਲਾਵਾ ਮਲਕੀਤ ਸਿੰਘ ਗਰੇਵਾਲ, ਪ੍ਰਧਾਨ ਬਲਜਿੰਦਰ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਦਰਸ਼ਣ ਸਿੰਘ, ਬਲਰਾਜ ਸਿੰਘ, ਹਰਜੀਤ ਸਿੰਘ, ਕਰਮ ਸਿੰਘ ਗਰੇਵਾਲ, ਰਣਧੀਰ ਸਿੰਘ, ਸੁਖਦੇਵ ਸਿੰਘ ਭੋਮਾ, ਰਣਜੀਤ ਸਿੰਘ ਸਾਇਆ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Comments
Post a Comment