26 ਜਨਵਰੀ ਨੂੰ ਕਿਸਾਨੀ ਮੰਗਾਂ ਲਈ ਜ਼ਿਲ੍ਹੇ ਭਰ ’ਚ ਕੀਤਾ ਜਾਵੇਗਾ ਸਾਂਝਾ ਟਰੈਕਟਰ ਮਾਰਚ



ਰਾਏਕੋਟ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਗੁਰੂਦੁਆਰਾ ਟਾਹਲੀ ਸਾਹਿਬ ਵਿਖੇ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਕਿਸਾਨਾਂ ਦੀਆਂ ਕੇਂਦਰ ਤੇ ਪੰਜਾਬ ਸਰਕਾਰ ਨਾਲ ਲੰਮੇ ਅਰਸੇ ਤੋਂ ਲਟਕਦੀਆਂ ਆ ਰਹੀਆਂ ਮੰਗਾਂ ’ਤੇ ਜੋਰ ਦੇਣ ਅਤੇ ਭਵਿੱਖਤ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ ਇਸ ਮੀਟਿੰਗ ’ਚ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਨੂੰ 23 ਫਸਲਾਂ ’ਤੇ ਐਮਐਸਪੀ ਦਿਵਾਉਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ, ਪ੍ਰਦੂਸ਼ਨ ਐਕਟ ਅਤੇ ਬਿਜਲੀ ਐਕਟ 2020 ਰੱਦ ਕਰਵਾਉਣ, ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ, ਦੇਸ਼ ਭਰ ਚ ਕਿਸਾਨਾਂ ਤੇ ਦਰਜ ਪੁਲਿਸ ਪਰਚੇ ਰੱਦ ਕਰਾਉਣ, ਪੰਜਾਬ ਚ ਕਿਸਾਨੀ ਸਿਰ ਚੜੇ ਹਰ ਤਰਾਂ ਦੇ ਕਰਜੇ ਰੱਦ ਕਰਾਉਣ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜੇ ਅਤੇ ਨੋਕਰੀ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਾਉਣ, ਬੀਤੇ ਚ ਕਿਸਾਨੀ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜਾ ਜਾਰੀ ਕਰਾਉਣ, 60 ਸਾਲ ਤੋਂ ਉਪਰ ਦੇ ਕਿਸਾਨਾਂ ਲਈ ਘੱਟੋ-ਘੱਟ ਦਸ ਹਜਾਰ ਰੁਪਏ ਬੁਢਾਪਾ ਪੈਨਸ਼ਨ ਦੇਣ, ਚਿੱਪ ਵਾਲੇ ਮੀਟਰ ਲਗਾਉਣ ਤੇ ਪੱਕੀ ਪਾਬੰਦੀ ਲਗਾਉਣ ਆਦਿ ਮੰਗਾਂ ਲਈ ਇਕ ਵੇਰ ਫਿਰ ਆਰ ਪਾਰ ਦੀ ਲੜਾਈ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਤਹਿਤ 10 ਤੋਂ 20 ਜਨਵਰੀ ਤਕ ਸਾਰੇ ਬਲਾਕਾਂ ਚ ਕਿਸਾਨਾਂ ਦੀ ਲਾਮਬੰਦੀ ਲਈ ਸਾਂਝੀ ਸੰਪਰਕ ਮੁਹਿੰਮ ਚਲਾਈ ਜਾਵੇਗੀ। 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਸੂਬਾਈ ਕਨਵੈਨਸ਼ਨ ’ਚ ਜਥੇਬੰਦੀਆਂ ਦੇ ਵਰਕਰ ਸ਼ਾਮਲ ਹੋਣਗੇ।

26 ਜਨਵਰੀ ਨੂੰ ਜਿਲ੍ਹੇ ਭਰ ’ਚ ਸਾਂਝਾ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਸਾਰੀਆਂ ਜਥੇਬੰਦੀਆਂ ਦੀ ਡਿਉਟੀਆਂ ਲਗਾ ਦਿਤੀਆਂ ਗਈਆਂ ਹਨ। ਉਸ ਦਿਨ ਜਿਲ੍ਹੇ ਦੇ ਸਾਰੇ ਟਰੈਕਟਰ ਠੀਕ ਦੁਪਿਹਰ 12 ਵਜੇ ਤੋਂ ਪਹਿਲਾਂ ਪਹਿਲਾਂ ਮੁਲਾਂਪੁਰ ਹਵੇਲੀ ਲਾਗੇ ਜੀ ਟੀ ਰੋਡ ’ਤੇ ਇਕੱਤਰ ਹੋਣਗੇ।

ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਵਲੋਂ ਰਘਬੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਬੀ ਕੇ ਯੂ ਕਾਦੀਆਂ ਦੇ ਆਗੂ ਗੁਰਜੀਤ ਸਿੰਘ ਗਿੱਲ, ਆਲ ਇੰਡੀਆ ਕਿਸਾਨ ਸਭਾ ਦੇ ਮੁਖਤਿਆਰ ਸਿੰਘ ਜਲਾਲਦੀਵਾਲ, ਬੀ ਕੇ ਯੂ ਦੋਆਬਾ ਦੇ ਆਗੂ ਜਸਵੀਰ ਸਿੰਘ ਢੱਟ, ਬੀ ਕੇ ਯੂ ਲੱਖੋਵਾਲ ਦੇ ਆਗੂ ਅਜੈਬ ਸਿੰਘ ਰੁਪਾ ਪੱਤੀ ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਿੰਘ ਭੈਣੀ, ਬੀ ਕੇ ਯੂ ਡਕੌਂਦਾ ਬੁਰਜਗਿੱਲ ਦੇ ਆਗੂ ਸਤਬੀਰ ਸਿੰਘ ਬੋਪਾਰਾਏ ਤੋਂ ਬਿਨਾਂ ਸਾਧੂ ਸਿੰਘ ਅੱਚਰਵਾਲ, ਕੁੰਡਾ ਸਿੰਘ ਕਾਉਂਕੇ, ਰਾਜਵੀਰ ਸਿੰਘ ਕਿਲਾ ਰਾਏਪੁਰ, ਕਰਮ ਸਿੰਘ ਗਰੇਵਾਲ, ਗੁਰਮੇਲ ਸਿੰਘ ਰੂਮੀ, ਸ਼ਵਿੰਦਰ ਸਿੰਘ ਤਲਵੰਡੀ ਰਾਏ, ਜਗਦੀਸ਼ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ

ਬਰਨਾਲਾ ਰੈਲੀ ਲਈ ਜਮਹੂਰੀ ਕਿਸਾਨ ਸਭਾ ਦਾ ਜੱਥਾ ਹੋਇਆ ਸ਼ਾਮਲ

ਭੋਗ ’ਤੇ ਵਿਸ਼ੇਸ਼: ਕਿਸਾਨ ਆਗੂ ਕੁਲੈਕਟਰ ਸਿੰਘ ਨਾਰੰਗਵਾਲ