ਕਿਸਾਨ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ ਨੇ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕਿਆ
ਗੁਰਦਾਸਪੁਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ’ਤੇ 25 ਫੀਸਦੀ ਟੈਰਿਫ ਲਗਾਉਣ, ਭਾਰਤ ਦੇ ਰੂਸ ਨਾਲ ਤੇਲ ਵਪਾਰ ਸੌਦੇ ਖਿਲਾਫ ਦੰਡਕਾਰੀ ਟੈਕਸ ਲਗਾਉਣ ਦੀਆਂ ਧਮਕੀਆਂ ਵਿਰੁੱਧ ਅਤੇ ਭਾਰਤ-ਯੂਕੇ ਵਿਆਪਕ ਆਰਥਿਕ ਵਪਾਰ ਸਮਝੌਤੇ ਨੂੰ ਰੱਦ ਕਰਾਉਣ ਲਈ ਅੱਜ ਐੱਸਕੇਐੱਮ ਅਤੇ ਦਸ ਕੇਂਦਰੀ ਟਰੇਡ ਯੂਨੀਅਨਾਂ ਨੇ ਸਾਂਝੇ ਦੇਸ਼ ਵਿਆਪੀ ਵਿਰੋਧ ਦਿਵਸ ਦੇ ਸੱਦੇ ਤਹਿਤ ਐੱਸਕੇਐੱਮ ਅਤੇ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵੱਲੋਂ ਇਕੱਠਿਆਂ ਸਥਾਨਕ ਗੁਰੂ ਨਾਨਕ ਪਾਰਕ ਤੋਂ ਰੋਸ ਮਾਰਚ ਕਰਦਿਆਂ ਡਾਕਖਾਨਾ ਚੌਂਕ ਵਿੱਚ ਬਿਨਾਂ ਆਵਾਜਾਈ ਪ੍ਰਭਾਵਿਤ ਕੀਤੇ ਟਰੰਪ ਦੀ ਟੈਰਿਫ ਨੀਤੀ, ਦੇਸ਼ ਲਈ ਗੰਭੀਰ ਖਤਰਿਆਂ ਬਾਰੇ ਮੋਦੀ ਸਰਕਾਰ ਦੀ ਮੁਜ਼ਰਮਾਨਾ ਚੁੱਪੀ ਅਤੇ ਮਾਨ ਸਰਕਾਰ ਦੇ ਮਜ਼ਦੂਰ ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਕੁਝ ਸਮਾਂ ਤੱਖਤੀਆਂ ਲੈ ਕੇ ਖੜੇ ਹੋਣ ਉਪਰੰਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ।
ਭਗਵੰਤ ਮਾਨ ਸਰਕਾਰ ਦਾ ਲੈਂਡ ਪੂਲਿੰਗ ਪਾਲਸੀ ਤੋਂ ਪਿੱਛੇ ਹਟਣਾ ਕਿਸਾਨਾਂ ਦੀ ਜਿੱਤ ਹੈ। ਕਿਸਾਨ ਮਜ਼ਦੂਰ ਆਗੂਆਂ ਨੇ ਬੋਲਦਿਆਂ ਕਿਹਾ ਕਿ ਲੋਕਾਂ ਦਾ ਵਿਸ਼ਾਲ ਏਕਾ ਹੀ ਹਾਕਮ ਧਿਰਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਸਕਦਾ ਹੈ।
ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਕਰਕੇ ਗਰੀਬ ਪਰਿਵਾਰਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਹੋ ਗਿਆ ਹੈ। ਚਾਰ ਲੇਬਰ ਕੋਡ ਰੱਦ ਕਰਨ, ਐੱਮਐੱਸਪੀ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ, ਲੈਂਡ ਪੁਲਿੰਗ ਪਾਲਸੀ ਰੱਦ ਕਰਨ ਦਾ ਨੋਟੀਫਿਕੇਸ਼ਨ ਤਰੁੰਤ ਜਾਰੀ ਕੀਤਾ ਜਾਏ, ਮਨਰੇਗਾ ਤਹਿਤ ਸਾਰਾ ਸਾਲ ਕੰਮ ਦੇਣ ਤੇ ਦਿਹਾੜੀਦਾਰ 700 ਰੁਪਏ ਨਿਸ਼ਚਿਤ ਕਰਨ ਅਤੇ ਕਿਸਾਨਾਂ, ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸਾਂਝੇ ਤੌਰ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰੋਸ ਰੈਲੀ ਤੇ ਪ੍ਰਦਰਸ਼ਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁਲ ਹਿੰਦ ਕਿਸਾਨ ਸਭਾ, ਸੀਟੀਯੂ ਪੰਜਾਬ, ਏਕਟੂ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਉਚਾ ਧਕਾਲਾ, ਅਜੀਤ ਸਿੰਘ ਹੁੰਦਲ, ਰਘਬੀਰ ਸਿੰਘ ਚਾਹਲ, ਗੁਰਵਿੰਦਰ ਸਿੰਘ, ਮੰਗਤ ਸਿੰਘ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਤਰਲੋਕ ਸਿੰਘ, ਮੁਖਤਿਆਰ ਸਿੰਘ, ਹਰਚਰਨ ਸਿੰਘ ਔਜਲਾ, ਗੁਰਚਰਨ ਵਾਲੀਆ, ਧਿਆਨ ਸਿੰਘ ਠਾਕੁਰ, ਗੁਲਜ਼ਾਰ ਸਿੰਘ ਭੁੰਬਲੀ, ਸ਼ਿਵ ਕੁਮਾਰ, ਸੋਨਾ ਮਸੀਹ ਤੇ ਹੋਰ ਆਗੂਆਂ ਆਪਣੇ ਵਿਚਾਰ ਸਾਂਝੇ ਕੀਤੇ।

Comments
Post a Comment