ਬਠਿੰਡਾ ’ਚ ਸੰਯੁਕਤ ਕਿਸਾਨ ਮੋਰਚੇ ਨੇ ਕਰ ਮੁਕਤ ਸਮਝੌਤਾ ਰੋਕਣ ਦੀ ਆਵਾਜ਼ ਕੀਤੀ ਬੁਲੰਦ
ਬਠਿੰਡਾ: ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਉੱਪਰ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਮੋਰਚੇ ’ਚ ਸ਼ਾਮਿਲ ਜਥੇਬੰਦੀਆਂ ਵਲੋਂ ਭਾਰਤ ਦੀ ਸਮੁੱਚੀ ਆਰਥਿਕਤਾ ਨੂੰ ਬਰਬਾਦ ਕਰਨ ਵਾਲੇ ਭਾਰਤ- ਅਮਰੀਕਾ ਕਰ ਮੁਕਤ ਵਪਾਰ ਸਮਝੌਤਾ ਹੋਣ ਤੋਂ ਰੋਕਣ ਲਈ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀਕੇਯੂ ਏਕਤਾ ਉਗਰਾਹਾਂ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਬੀਕੇਯੂ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬੀਕੇਯੂ ਏਕਤਾ ਡਕੌਂਦਾ (ਬੂਟਾ ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਰਾਜ ਮਹਿੰਦਰ ਸਿੰਘ ਕੋਟਭਾਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਪੂਹਲੀ, ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਏਕਤਾ ਮਾਲਵਾ ਦੇ ਸੂਬਾ ਆਗੂ ਜਗਜੀਤ ਸਿੰਘ ਕੋਟ ਸ਼ਮੀਰ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਦੇ ਦਬਾਅ ਤਹਿਤ ਉਹਨਾਂ ਨਾਲ ਟੈਕਸ ਮੁਕਤ ਸੰਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਭਾਰਤ ਦੇ ਖੇਤੀ ਅਰਥਚਾਰੇ, ਡੇਅਰੀ, ਪੋਲਟਰੀ, ਛੋਟੇ ਉਦਯੋਗ ਅਤੇ ਇਸ ਦੇ ਨਾਲ ਜੁੜੇ ਕਾਰੋਬਾਰ ਪ੍ਰਭਾਵਿਤ ਹੋਣਗੇ।
ਆਗੂਆਂ ਨੇ ਕਿਹਾ ਕਿ ਅਮਰੀਕਾ ਭਾਰਤ ’ਤੇ ਦਬਾਅ ਪਾ ਰਿਹਾ ਹੈ ਕਿ ਭਾਰਤ ਤੋਂ ਬਾਹਰ ਜਾਣ ਵਾਲੀਆਂ ਖੇਤੀ ਵਸਤਾਂ ’ਤੇ ਟੈਕਸ ਵਧਾਇਆ ਜਾਵੇ ਅਤੇ ਅਮਰੀਕਾ ਤੋਂ ਖੇਤੀ ਜਿਣਸਾਂ, ਡੇਅਰੀ ਤੇ ਪੋਲਟਰੀ ਦੇ ਉਤਪਾਦ ਅਤੇ ਛੋਟੇ ਉਦਯੋਗਾਂ ਵਿੱਚ ਤਿਆਰ ਹੋਣ ਵਾਲਾ ਸਾਰਾ ਮਾਲ ਭਾਰਤ ਦੁਆਰਾ ਖਰੀਦਣ ਸਮੇਂ ਟੈਕਸ ਮੁਕਤ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹਾ ਕਰ ਮੁਕਤ ਵਪਾਰ ਸਮਝੌਤਾ ਲਾਗੂ ਹੋਣ ਨਾਲ ਅਮਰੀਕਾ ਖੇਤੀ ਤੇ ਦੂਸਰੇ ਸਹਾਇਕ ਧੰਦਿਆਂ ਦੇ ਉਤਪਾਦ ਅਤੇ ਛੋਟੇ ਉਦਯੋਗਾਂ ਵਿੱਚ ਤਿਆਰ ਹੋਣ ਵਾਲਾ ਮਾਲ ਭਾਰਤ ਦੀ ਮੰਡੀ ਵਿੱਚ ਲਿਆ ਕੇ ਇਸ ਨੂੰ ਵੇਚੇਗਾ, ਜਿਸ ਨਾਲ ਭਾਰਤ ’ਚ ਖੇਤੀ ਅਤੇ ਦੂਸਰੇ ਉਤਪਾਦਾਂ ਦੀਆਂ ਕੀਮਤਾਂ ਬਹੁਤ ਘੱਟ ਜਾਣਗੀਆਂ, ਜਿਸ ਕਾਰਨ ਇਹ ਸਾਰੇ ਧੰਦੇ ਬਰਬਾਦ ਹੋ ਜਾਣਗੇ ਅਤੇ ਉਦਯੋਗ ਵੀ ਵੱਡੀ ਪੱਧਰ ਤੇ ਬੰਦ ਹੋਣਗੇ। ਇਹਨਾਂ ਨੀਤੀਆਂ ਕਾਰਨ ਜਿੱਥੇ ਕਿਸਾਨ ਬਰਬਾਦ ਹੋਵੇਗਾ ਉੱਥੇ ਮਜ਼ਦੂਰ ਵੀ ਬੇਰੁਜ਼ਗਾਰ ਹੋਵੇਗਾ ਅਤੇ ਸਮਾਜ ਵਿੱਚ ਅਫਰਾ ਤਫਰੀ ਫੈਲੇਗੀ।
ਇਸ ਸਮੇਂ ਕਿਸਾਨ ਆਗੂਆਂ ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਆਕਲੀਆ, ਬਲਵਿੰਦਰ ਸਿੰਘ ਗੰਗਾ, ਬਲਤੇਜ ਸਿੰਘ ਪੂਹਲੀ, ਜਗਸੀਰ ਸਿੰਘ ਝੁੰਬਾ, ਕੁਲਦੀਪ ਸਿੰਘ ਕੋਟਸਮੀਰ, ਬੂਟਾ ਸਿੰਘ ਤੁੰਗਵਾਲੀ, ਮਜ਼ਦੂਰ ਆਗੂ ਕਾਮਰੇਡ ਮਹੀਪਾਲ ਨੇ ਬੋਲਦਿਆਂ ਚਿਤਾਵਨੀ ਦਿੱਤੀ ਕਿ ਭਾਰਤ ਅਮਰੀਕਾ ਸਮੇਤ ਕਿਸੇ ਮੁਲਕ ਨਾਲ ਕੋਈ ਅਜਿਹਾ ਸਮਝੌਤਾ ਨਾ ਕਰੇ ਜਿਸ ਨਾਲ ਭਾਰਤ ਦੀ ਆਰਥਿਕਤਾ ਬਰਬਾਦ ਹੋਵੇ, ਖੇਤੀ ਅਤੇ ਦੂਜੇ ਧੰਦੇ ਚੌਪਟ ਹੋ ਜਾਣ ਅਤੇ ਬੇਰੁਜ਼ਗਾਰੀ ਵਧੇ। ਉਹਨਾਂ ਮੰਗ ਕੀਤੀ ਕਿ ਭਾਰਤ ਵਿਸ਼ਵ ਵਪਾਰ ਸਮਝੌਤੇ ਵਿੱਚੋਂ ਬਾਹਰ ਆਵੇ ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਦੇਸ਼ ਪੱਧਰ ਤੇ ਮੋਦੀ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰੇਗਾ।

Comments
Post a Comment