ਨਹਿਰੀਕਰਨ ਦਾ ਠੋਸ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਹਰੀਕੇ ਵਿਖੇ ਕੀਤੀ ਕਨਵੈਨਸ਼ਨ
ਹਰੀਕੇ: ਮੰਡਬੇਟ ਅਬਾਦਕਾਰ ਸੰਘਰਸ਼ ਕਮੇਟੀ ਅਤੇ ਜਮਹੂਰੀ ਕਿਸਾਨ ਸਭਾ ਦੇ ਸੱਦੇ ‘ਤੇ ਅੱਜ ਦਰਿਆਵਾਂ ਦੇ ਸੰਗਮ ਨੇੜੇ ਕੀਤੇ ਇਕੱਠ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਤੋਂ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀਕਰਨ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਹੜ੍ਹਾਂ ਤੋਂ ਬਚਾਉਣ ਲਈ ਗੰਨੇ ਵਰਗੀ ਫ਼ਸਲ ਨੂੰ ਹੋਰ ਉਤਸ਼ਾਹਿਤ ਕਰਨ ਲਈ ਸੇਰੋਂ ਤੇ ਜ਼ੀਰਾ ਮਿੱਲਾਂ ਨੂੰ ਚਾਲੂ ਕੀਤਾ ਜਾਵੇ।
ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਪਾਣੀ ਦੇ ਮੁੱਦੇ ਨੂੰ ਸਿਆਸੀ ਮੁੱਦਾ ਬਣਾ ਕੇ ਗੁੰਮਰਾਹ ਕਰ ਰਹੀ ਹੈ। ਪੰਜਾਬ ਕੋਲ ਇਸ ਵੇਲੇ ਜਿੰਨਾ ਪਾਣੀ ਹੈ, ਉਸ ਦਾ ਸਿਰਫ਼ 41 ਪ੍ਰਤੀਸ਼ਤ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ।
ਸੰਧੂ ਨੇ ਕਿਹਾ ਕਿ ਅੱਪਰਬਾਰੀ ਬਿਸਤ ਨਹਿਰ ‘ਚ 8500 ਕਿਉਂਸਿਕ ਪਾਣੀ ਚਲਾਉਣ ਦੀ ਯੋਜਨਾ ਸੀ ਪਰ ਨਹਿਰੀ ਪ੍ਰਬੰਧ ਨਾ ਠੀਕ ਹੋਣ ਕਾਰਨ ਸਿਰਫ਼ ਛੇ ਹਜ਼ਾਰ ਕਿਉਂਸਕ ਪਾਣੀ ਹੀ ਜਾ ਰਿਹਾ ਹੈ, ਇਸ ਤਰਾਂ ਦੋਆਬਾ ਨਹਿਰ ਦੀ ਸਿਰਫ਼ ਦੋ ਮਹੀਨੇ ਲਈ ਵਰਤੋਂ ਕੀਤੀ ਜਾ ਰਹੀ ਹੈ।
ਸੰਧੂ ਨੇ ਕਿਹਾ ਕਿ ਨਹਿਰੀ ਪ੍ਰਬੰਧ ਨੂੰ ਠੀਕ ਕਰਨ ਦੀ ਥਾਂ ਦੋ ਕਿਲੋਮੀਟਰ ਨਹਿਰ ਬਣਾ ਕੇ ਪਾਣੀ ਸਿੱਧਾ ਬਿਆਸ ‘ਚ ਸੁਟਿਆ ਜਾ ਰਿਹਾ ਹੈ।, ਜਿਹੜਾ ਹਰੀਕੇ ਪੱਤਣ ‘ਤੇ ਹੜ੍ਹਾਂ ਦਾ ਕਾਰਨ ਬਣਦਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਡਬੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਬਰਸਾਤੀ ਦਿਨਾਂ ‘ਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੁੰਦਾ ਹੈ। ਮਜ਼ਬੂਰਨ ਪਾਣੀ ਪਾਕਿਸਤਾਨ ਭੇਜਣਾ ਭੇਜਣਾ ਪੈ ਰਿਹਾ ਹੈ। ਇਸ ਦੇ ਮੁਕਾਬਲੇ ਕੁਦਰਤ ਦੇ ਅਸੂਲਾਂ ਮੁਤਾਬਿਕ ਪਾਣੀ ਖੇਤੀ ਲਈ ਵਰਤਿਆਂ ਜਾਵੇ ਅਤੇ ਬਾਕੀ ਬਚਦਾ ਪਾਣੀ ਰੀਚਾਰਜ ਕੀਤਾ ਜਾਵੇ। ਨਹਿਰੀਕਰਨ ਨੂੰ ਹੋਰ ਮਜ਼ਬੂਤ ਕਰਕੇ ਹਰ ਖੇਤ ‘ਚ ਪਾਣੀ ਪੁੱਜਦਾ ਕੀਤਾ ਜਾਵੇ।
ਜਾਮਾਰਾਏ ਨੇ ਅੱਗੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਦਸਮੇਸ਼ ਨਹਿਰ ਅਤੇ ਕੰਢੀ ਨਹਿਰ ਬਣਾਉਣ ਦੇ ਐਲਾਨ ਕੀਤੇ ਸਨ ਜੋ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ
ਮੌਜੂਦਾ ਸਰਕਾਰ ਵਲੋਂ ਮੁਹਾਲੀ ਕੋਲ ਇੱਕ ਨਹਿਰ ਅਤੇ ਇੱਕ ਮੁਕਤਸਰ ਕੋਲ ਇੱਕ ਹੋਰ ਨਹਿਰ 160 ਕਿਲੋਮੀਟਰ ਨਹਿਰ ਬਣਾਉਣ ਦਾ ਐਲਾਨ ਕੀਤਾ ਸੀ ਜੋ ਬਿਆਨਾਂ ਤੱਕ ਹੀ ਸੀਮਤ ਰਹਿ ਗਿਆ।
ਜਾਮਾਰਾਏ ਨੇ ਕਿਹਾ ਕਿ ਪਾਣੀ ਦੀਆਂ ਦੋ ਪਰਤਾਂ ਖਤਮ ਹੋਣ ਕੰਢੇ ਹਨ ਅਤੇ ਤੀਜੀ ਪਰਤ ਜਿਆਦਾ ਡੂੰਘੀ ਹੋਣ ਕਾਰਨ ਆਮ ਕਿਸਾਨ ਪਾਣੀ ਨਹੀਂ ਕੱਢ ਸਕੇਗਾ। ਅਤੇ, ਇਹ ਤੀਜੀ ਪਰਤ ਵੀ ਇੱਕ ਦੋ ਸਾਲ ਹੀ ਚੱਲੇਗੀ।
ਇਸ ਮੌਕੇ ਸੰਬੋਧਨ ਕਰਨ ਵਾਲੇ ਸਮੂਹ ਬੁਲਾਰਿਆਂ ਨੇ ਚਿੰਤਾ ਪ੍ਰਗਟਾਈ ਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ ਅਤੇ ਇਹ ਮਾਰੂਥਲ ਬਣਨ ਨਾਲ ਬਰਬਾਦ ਹੋ ਜਾਏਗਾ।
ਇਸ ਕਨਵੈਨਸ਼ਨ ਨੂੰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਰਾਮ ਸਿੰਘ ਕੈਮਵਾਲਾ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਦਲਜੀਤ ਸਿੰਘ ਦਿਆਲਪੁਰਾ, ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਹਰਭਜਨ ਸਿੰਘ, ਜਗਤਾਰ ਸਿੰਘ ਉੱਪਲ, ਮੁਖਤਿਆਰ ਸਿੰਘ ਮੱਲ੍ਹਾ, ਮਨਹੋਰ ਗਿੱਲ, ਧਰਮ ਸਿੰਘ, ਕੁਲਦੀਪ ਫਿਲੌਰ, ਸੁਲੱਖਣ ਸਿੰਘ ਤੁੜ, ਕੇਵਲ ਸਿੰਘ ਕੰਬੋਕੇ, ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਨਹਿਰੀਕਰਨ ਦਾ ਠੋਸ ਪ੍ਰਬੰਧ ਨਾ ਕੀਤਾ ਤਾਂ ਜਮਹੂਰੀ ਕਿਸਾਨ ਸਭਾ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਆਰੰਭੇਗੀ।

Comments
Post a Comment