ਸੰਯੁਕਤ ਕਿਸਾਨ ਮੋਰਚੇ ਦੀ ਸਮਰਾਲਾ ਵਿਖੇ ਜੇਤੂ ਰੈਲੀ ਵਿੱਚ ਆਇਆ ਲੋਕਾਂ ਦਾ ਹੜ੍ਹ

 

 ਸਮਰਾਲਾ: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਸਮਰਾਲਾ ਵਿਖੇ ਕੀਤੀ ਗਈ ਜੇਤੂ ਰੈਲੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦਾ ਰਿਕਾਰਡ ਤੋੜ ਇਕੱਠ ਹੋਇਆ। ਸਮਰਾਲਾ ਵੱਲ ਨੂੰ ਆਉਂਦੀਆਂ ਸਾਰੀਆਂ ਸੜਕਾਂ ਕਿਸਾਨਾਂ ਦੇ ਵਾਹਨਾਂ ਨਾਲ ਭਰੀਆਂ ਹੋਈਆਂ ਸਨ। ਜਿਸ ਕਾਰਨ ਹਰ ਪਾਸੇ ਜਾਮ ਵਰਗੇ ਹਾਲਾਤ ਬਣੇ ਰਹੇ। ਰੈਲੀ ਖਤਮ ਹੋਣ ਤੱਕ ਸ਼ਾਮਲ ਹੋਣ ਵਾਲੇ ਕਾਫਲਿਆਂ ਦੀ ਆਮਦ ਹੁੰਦੀ ਰਹੀ।

       ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਆਪਣੇ ਸੰਘਰਸ਼ ਦੇ ਸਦਕਾ, ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਦੀ ਵਧਾਈ ਦਿੰਦਿਆਂ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੂਮੀ ਅਧਿਗ੍ਰਹਿਣ ਕਾਨੂੰਨ 2013 ਦੀਆਂ ਲੋਕ ਪੱਖੀ ਮੱਦਾਂ ਦੀ ਹਰ ਹਾਲਤ ਵਿੱਚ ਰਾਖੀ ਕਰਨ ਲਈ ਤਿਆਰ ਰਹਿਣ ਤਾਂ ਜੋ ਲੈਂਡ ਬੈਂਕ ਬਣਾ ਕੇ ਖੇਤੀ ਯੋਗ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀਆਂ ਸਰਕਾਰਾਂ ਦੀਆਂ ਚਾਲਾਂ ਦਾ ਮੂੰਹ ਮੋੜਿਆ ਜਾ ਸਕੇ।

    ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਪਾਹ ਦੀ ਦਰਾਮਦ ਤੇ 11% ਟੈਕਸ ਮੁਲਤਵੀ ਕਰਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਕਦਮ ਅਮਰੀਕਾ ਦੀ ਟਰੰਪ ਸਰਕਾਰ ਦੇ ਦਬਾਅ ਹੇਠ ਆ ਕੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁਰਸੀ ਦੀ ਕੁਰਬਾਨੀ ਦੇਣ ਵਾਲੇ ਬਿਆਨ ਦੀ ਸਿਆਹੀ ਵੀ ਨਹੀਂ ਸੁੱਕੀ ਤੇ ਉਨ੍ਹਾਂ ਦੇਸ਼ ਦੇ ਕਪਾਹ ਕਾਸ਼ਤਕਾਰਾਂ ਦੀ ਤਬਾਹੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਰ ਮੁਕਤ ਸਮਝੌਤਿਆਂ ਵਿਚੋਂ ਖੇਤੀ ਅਤੇ ਸਹਾਇਕ ਧੰਦੇ ਬਾਹਰ ਰੱਖੇ ਜਾਣ। ਸੰਯੁਕਤ ਕਿਸਾਨ ਮੋਰਚਾ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਮਰੀਕਾ ਦੇ ਸਾਹਮਣੇ ਗੋਡੇ ਟੇਕ ਕੇ ਖੇਤੀ ਵਿਰੋਧੀ ਕੋਈ ਵੀ ਸਮਝੌਤਾ ਕੀਤਾ ਤਾਂ ਇਸ ਵਿਰੁੱਧ ਦੇਸ਼ ਭਰ ਵਿੱਚ ਜਹਾਦ ਖੜਾ ਕੀਤਾ ਜਾਵੇਗਾ।

   ਬੁਲਾਰਿਆਂ ਨੇ ਸਰਕਾਰ ਦੇ ਨਾਕਸ ਪ੍ਰਬੰਧਾਂ ਕਾਰਨ ਪੰਜਾਬ ਵਿੱਚ ਆਏ ਹੜਾਂ ਦਾ ਮੁੱਦਾ ਉਠਾਉਂਦਿਆਂ ਨੁਕਸਾਨੀਆਂ ਫਸਲਾਂ ਦਾ 70,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਨੁਕਸਾਨੇ ਗਏ ਘਰਾਂ ਅਤੇ ਮਾਰੇ ਗਏ ਡੰਗਰਾਂ ਦਾ ਵੀ ਮੁਆਵਜ਼ਾ ਦੇਣ ਦੀ ਮੰਗ ਕੀਤੀ।

  ਗੰਨਾ ਕਿਸਾਨਾਂ ਦਾ ਬਕਾਇਆ  31 ਅਗਸਤ ਤੱਕ ਅਦਾ ਨਾਂ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਐਸਕੇਐਮ ਨੇ 2 ਸਤੰਬਰ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਨ ਦਾ ਐਲਾਨ ਕਰਦੇ ਹੋਏ ਗੰਨੇ ਦਾ ਭਾਅ 550 ਰੁਪਏ ਕਰਨ ਦੀ ਮੰਗ ਕੀਤੀ।

        ਕੇਂਦਰ ਸਰਕਾਰ ਵੱਲੋਂ ਸਹਿਕਾਰੀ ਖੇਤਰ ਨੂੰ ਰਾਜਾਂ ਤੋਂ ਖੋਹ ਕੇ ਕੇਂਦਰ ਦੇ ਅਧੀਨ ਕਰਨ ਅਤੇ ਬਾਅਦ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਚਾਲਾਂ ਖ਼ਿਲਾਫ਼ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਇਸ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

    ਅੱਜ ਦੇ ਇਕੱਠ ਵਿੱਚ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਅਤੇ ਪੰਜਾਬੀ ਅਦਾਕਾਰ ਜਸਵਿੰਦਰ ਸਿੰਘ ਭੱਲਾ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾਸ ਕੀਤਾ ਗਿਆ ਨਾਲੋਂ ਨਾਲ ਲੁਧਿਆਣਾ ਜ਼ਿਲ੍ਹੇ ਦੇ ਅਖਾੜਾ,ਮੁਸ਼ਕਾਬਾਦ, ਟੱਪਰੀਆਂ ਅਤੇ ਖੀਰਨੀਆਂ ਵਿਖੇ ਲੱਗ ਰਹੀਆਂ ਬਾਇਉ ਗੈਸ ਫੈਕਟਰੀਆਂ ਖਿਲਾਫ ਲੜਨ ਵਾਲੇ ਲੋਕਾਂ ਤੇ ਜਬਰ ਬੰਦ ਕਰਨ ਅਤੇ ਪ੍ਰਦੂਸ਼ਣ ਨੂੰ ਲੈਕੇ ਲੋਕਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਵਿਗਿਆਨਕ ਮਾਹਰਾਂ ਤੋਂ ਮੁਲਾਂਕਣ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। 

ਜੇਤੂ ਰੈਲੀ ਨੂੰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜਗਿੱਲ,ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਢੁੱਡੀਕੇ,ਮਨਜੀਤ ਸਿੰਘ ਧਨੇਰ, ਬਲਦੇਵ ਸਿੰਘ ਨਿਹਾਲਗੜ੍ਹ, ਡਾ: ਸਤਨਾਮ ਸਿੰਘ ਅਜਨਾਲਾ,  ਡਾ ਦਰਸ਼ਨਪਾਲ, ਰੁਲਦੂ ਸਿੰਘ ਮਾਨਸਾ,ਬਲਜੀਤ ਸਿੰਘ ਗਰੇਵਾਲ, ਜੰਗਵੀਰ ਸਿੰਘ ਚੌਹਾਨ,ਫੁਰਮਾਨ ਸਿੰਘ ਸੰਧੂ,ਹਰਵਿੰਦਰ ਸਿੰਘ ਬੱਲੋਂ , ਵੀਰ ਸਿੰਘ ਬੜਵਾ, ਬੋਘ ਸਿੰਘ ਮਾਨਸਾ, ਸੁਖਦੇਵ ਸਿੰਘ ਅਰਾਈਆਂਵਾਲਾ, ਨਿਰਵੈਲ ਸਿੰਘ ਡਾਲੇਕੇ,ਨਛੱਤਰ ਸਿੰਘ ਜੈਤੋ, ਕਿਰਨਜੀਤ ਸੇਖੋਂ, ਬੂਟਾ ਸਿੰਘ ਸ਼ਾਦੀਪੁਰ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਗੁਰਮੀਤ ਸਿੰਘ ਗੋਲੇਵਾਲਾ, ਬਲਵਿੰਦਰ ਸਿੰਘ ਰਾਜੂ ਔਲਖ, ਹਰਜਿੰਦਰ ਸਿੰਘ ਟਾਂਡਾ,ਹਰਬੰਸ ਸਿੰਘ ਸੰਘਾ, ਕੰਵਲਪ੍ਰੀਤ ਸਿੰਘ ਪੰਨੂ, ਹਰਦੇਵ ਸਿੰਘ ਸੰਧੂ ਅਤੇ ਪ੍ਰੇਮ ਸਿੰਘ ਭੰਗੂ ਨੇ ਸੰਬੋਧਨ ਕੀਤਾ।

    ਸਟੇਜ ਸੰਚਾਲਨ ਰਾਮਿੰਦਰ ਸਿੰਘ ਪਟਿਆਲਾ, ਰਘੁਬੀਰ ਸਿੰਘ ਬੈਨੀਪਾਲ, ਮੁਕੇਸ਼ ਚੰਦਰ ਸ਼ਰਮਾ, ਅੰਗਰੇਜ਼ ਸਿੰਘ ਭਦੌੜ, ਜਗਤਾਰ ਸਿੰਘ ਕਾਲਾ ਝਾੜ, ਪਰਮਿੰਦਰ ਸਿੰਘ ਪਾਲ ਮਾਜਰਾ, ਜਗਮੋਹਣ ਸਿੰਘ ਪਟਿਆਲਾ, ਰਵਨੀਤ ਸਿੰਘ ਬਰਾੜ ਅਤੇ ਅਵਤਾਰ ਸਿੰਘ ਮਹਿਮਾ ਤੇ ਆਧਾਰਿਤ ਸੰਚਾਲਨ ਕਮੇਟੀ ਨੇ ਕੀਤਾ। ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਨੇ ਜੇਤੂ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ