13 ਅਗਸਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਫੂਕੇ ਜਾਣਗੇ ਪੁਤਲੇ- ਡਾ. ਅਜਨਾਲਾ
ਲੈਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਅਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਸਮਰਾਲਾ ‘ਚ ਹੋਵੇਗੀ ਕਿਸਾਨ ਮਹਾਂ ਰੈਲੀ- ਸੰਧੂ
ਜਲੰਧਰ- 06 ਅਗਸਤ (। ) ਜਮਹੂਰੀ ਕਿਸਾਨ ਸਭਾ ਪੰਜਾਬ ਨੇ ਅੱਜ ਸੂਬਾ ਪੱਧਰੀ ਮੀਟਿੰਗ ਸਭਾ ਦੇ ਸੂਬਾਈ ਦਫ਼ਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਕੀਤੀ। ਸ਼ੁਰੂ ਵਿੱਚ ਵਿਛੜੇ ਸਾਥੀਆਂ ਮਲਕੀਤ ਸਿੰਘ ਨਿਆਲ ਦੇ ਬੇਟੇ ਦਵਿੰਦਰ ਸਿੰਘ, ਭਤੀਜੇ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਕਿਲ੍ਹਾ ਰਾਏਪੁਰ, ਕੁਲਵਿੰਦਰ ਸਿੰਘ ਨਬੀਪੁਰ ਅਤੇ ਆਦਿ ਵਾਸੀ ਲੋਕਾਂ ਦੇ ਨੇਤਾ ਸ਼ਿਬੂ ਸੋਰੇਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਸਭਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਪੱਧਰੀ ਫੈਸਲੇ ਮੁਤਾਬਕ ਬਾਕੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ 13 ਅਗਸਤ ਨੂੰ ਕਾਰਪੋਰੇਟੋ ਭਾਰਤ ਛੱਡੋ ਦਾ ਹੋਕਾ ਦਿੰਦਿਆਂ ਕਾਰਪੋਰੇਟਾ ਦੀ ਨੁਮਾਇੰਦਗੀ ਕਰਦੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਜੌਨ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜਨ ਦਾ ਫ਼ੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਕਿਰਤੀ ਕਿਸਾਨਾਂ ਦੀਆਂ ਜ਼ਮੀਨਾਂ, ਅਨਾਜ ਤੇ ਉਹਨਾਂ ਦੀ ਮਿਹਨਤ ਦੀ ਲੁੱਟ ਕਰਕੇ ਆਪਣੀ ਦੌਲਤ ਵਿੱਚ ਵਾਧਾ ਕਰ ਰਹੇ ਹਨ। ਉਹਨਾਂ ਕਿਹਾ ਕਿ ਟਰੰਪ ਤੇ ਮੋਦੀ ਕਾਰਪੋਰੇਟਾ ਦੀਆਂ ਦਿਸ਼ਾ ਨਿਰਦੇਸ਼ ਨੀਤੀਆਂ ਨੂੰ ਲੋਕਾਂ ਉੱਪਰ ਧੱਕੇ ਨਾਲ ਲਾਗੂ ਕਰ ਰਹੇ ਹਨ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਸਮੂਹ ਕਿਰਤੀ ਕਿਸਾਨਾਂ ਨੂੰ ਸੱਦਾ ਦਿੱਤਾ ਕਿ 13 ਅਗਸਤ ਨੂੰ ਆਪੋ ਆਪਣੇ ਇਲਾਕਿਆਂ ਵਿੱਚ ਟਰੰਪ ਅਤੇ ਮੋਦੀ ਦੇ ਪੁਤਲੇ ਫੂਕ ਕੇ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕੀਤਾ ਜਾਵੇ ਅਤੇ ਕਾਰਪੋਰੇਟੋ ਭਾਰਤ ਛੱਡੋ ਦੇ ਨਾਹਰੇ ਨੂੰ ਬੁਲੰਦ ਕੀਤਾ ਜਾਵੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਸੂਬਾ ਸਰਕਾਰ ਵੱਲੋ ਲਿਆਂਦੀ ਗਈ ਲੈਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦੀ ਦਾਣਾ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋ ਕਿਸਾਨਾਂ ਦੀ ਮਹਾਂ ਰੈਲੀ 24 ਅਗਸਤ ਨੂੰ ਕੀਤੀ ਜਾਵੇਗੀ। ਜਿਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਹਜ਼ਾਰਾਂ ਮੈਂਬਰ ਅਤੇ ਹਮਦਰਦ ਇਸ ਰੈਲੀ ਵਿੱਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਜਿੱਥੇ ਇਸ ਰੈਲੀ ਵਿੱਚ ਲੈਡ ਪੂਲਿੰਗ ਨੀਤੀ ਰੱਦ ਕਰਵਾਉਣ ਦਾ ਮੁੱਦਾ ਭਾਰੂ ਰਹੇਗਾ, ਉੱਥੇ ਕਿਸਾਨਾਂ ਦੀਆਂ ਪਹਿਲਾ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਮੰਨਣ ਲਈ ਸੂਬਾ ਤੇ ਕੇਂਦਰ ਸਰਕਾਰ ਉੱਪਰ ਹੋਰ ਦਬਾਅ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ 24 ਅਗਸਤ ਦੀ ਮਹਾਂ ਰੈਲੀ ਸਰਕਾਰ ਨੂੰ ਲੈਡ ਪੂਲਿੰਗ ਨੀਤੀ ਰੱਦ ਕਰਨ ਲਈ ਮਜਬੂਰ ਕਰ ਦੇਵੇਗੀ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਸਭਾ ਵੱਲੋਂ ਧਰਤੀ ਤੇ ਦਰਿਆਵਾਂ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋ ਬਚਾਉਣ, ਦਰਿਆਵਾ ਦੇ ਪਾਣੀ ਨੂੰ ਖੇਤੀ ਲਈ ਹੋਰ ਵੱਧ ਮਾਤਰਾ ਵਿੱਚ ਵਰਤਣ, ਹੜ੍ਹਾ ਕਾਰਨ ਫ਼ਸਲਾਂ ਦੇ ਹੁੰਦੇ ਨੁਕਸਾਨ ਰੋਕਣ, ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦੀ ਵਿਧੀ ਨੂੰ ਹੋਰ ਸੂਚਾਰੂ ਬਣਾਉਣ ਦੀ ਮੰਗ, ਸੂਬੇ ਵਿੱਚ ਨਵੀਆਂ ਨਹਿਰਾਂ ਕੱਢਣ, ਪੁਰਾਣੀਆਂ ਨਹਿਰਾਂ ਦੀ ਮੁਰੰਮਤ ਤੇ ਉਹਨਾਂ ਦੀ ਸਮਰੱਥਾ ਵਧਾਉਣ ਦੀ ਮੰਗ ਨੂੰ ਲੈਕੇ ਹਰੀ ਕੇ ਪੱਤਣ ਵਿਖੇ 13 ਅਗਸਤ ਨੂੰ ਧਰਨਾ ਮਾਰਿਆ ਜਾਵੇਗਾ। ਉਹਨਾਂ ਕਿਹਾ ਕਿ ਸਭਾ ਵੱਲੋ ਉਲੀਕੇ ਉਪਰੋਕਤ ਪ੍ਰੋਗਰਾਮਾਂ ਦੀ ਤਿਆਰੀ ਲਈ ਡਿਉਟੀਆਂ ਦੀ ਵੰਡ ਕਰ ਲਈ ਗਈ ਹੈ। ਆਉਣ ਵਾਲੇ ਪ੍ਰੋਗਰਾਮ ਪੂਰੀ ਤਰਾਂ ਕਾਮਯਾਬ ਸਾਬਤ ਹੋਣਗੇ। ਮੀਟਿੰਗ ਵਿੱਚ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਮੈਂਬਰਸ਼ਿਪ, ਇਕਾਈਆਂ ਦੀਆਂ ਚੋਣਾਂ ਅਤੇ ਸਥਾਨਿਕ ਸਰਗਰਮੀਆਂ ਉੱਪਰ ਤੱਸਲੀ ਪ੍ਰਗਟ ਕੀਤੀ ਗਈ ਅਤੇ ਲਗਾਤਾਰ ਸਰਗਰਮੀਆਂ ਕਰਨ ਵਾਲੇ ਆਗੂਆਂ, ਮੈਂਬਰਾਂ ਅਤੇ ਹਮਦਰਦਾਂ ਦੀ ਸੂਬਾ ਕਮੇਟੀ ਨੇ ਸ਼ਲਾਘਾ ਕੀਤੀ।

Comments
Post a Comment