ਸੰਯੁਕਤ ਕਿਸਾਨ ਮੋਰਚੇ ਵਲੋ ਸੈਂਕੜੇ ਟਰੈਕਟਰਾਂ ਨਾਲ ਪਠਾਨਕੋਟ ਇਲਾਕੇ ’ਚ ਕੀਤਾ ਮਾਰਚ
ਪਠਾਨਕੋਟ: ਸੰਯੁਕਤ ਕਿਸਾਨ ਮੋਰਚੇ ਪੰਜਾਬ ਦੇ ਸਦੇ ’ਤੇ ਅੱਜ ਪਠਾਨਕੋਟ ਵਿਖੇ ਟਰੈਕਟਰ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਵਲੋਂ ਬਲਦੇਵ ਰਾਜ, ਬਲਵੰਤ ਘੌ, ਭਾਰਤੀ ਕਿਸਾਨ ਯੂਨੀਅਨ ਵਲੋਂ ਕੇਵਲ ਸਿੰਘ ਕੰਗ ਤੇ ਜੋਗਾ ਸਿੰਘ ਮਿਆਣੀ, ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਵਲ ਕਾਲੀਆ ਤੇ ਪਰਸ਼ੋਤਮ ਕੁਮਾਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਰਜਿੰਦਰ ਸਿੰਘ ਬਾਜਵਾ, ਕੁੱਲ ਹਿੰਦ ਕਿਸਾਨ ਸਭਾ ਵਲੋਂ ਅਮਰੀਕ ਸਿੰਘ ਤੇ ਇਕਬਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਵਲੋਂ ਕਾ. ਮੁਖਤਾਰ ਸਿੰਘ ਨੇ ਕੀਤੀ।
ਇਸ ਮਾਰਚ ’ਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਤ 11 ਪਿੰਡਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਸ ਮਾਰਚ ਵਿੱਚ ਆੜ੍ਹਤੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਛੀਨਾ ਸਾਥੀਆਂ ਸਮੇਤ ਹਾਜ਼ਰ ਹੋਏ। ਇਹ ਮਾਰਚ ਬਾਠ ਸਾਹਿਬ ਤੋਂ ਸ਼ੁਰੂ ਹੋਕੇ ਮਲਕਪੁਰ, ਇਸਲਾਮ ਪੁਰ, ਸੁਜਾਨ ਪੁਰ ਤੋਂ ਹੁੰਦਾ ਹੋਇਆਂ ਪ੍ਰਭਾਵਤ ਪਿੰਡਾਂ ਕੋਲੋਂ ਲੰਘਦਾ ਹੋਇਆ ਡਿਫੈਂਸ ਰੋਡ ਰਾਹੀਂ ਮੈਰਾ, ਝੰਜੇਲੀ. ਪੰਗੋਲੀ ਚੌਕ ਮੁਮੁਨ ਮੇਨ ਬਜ਼ਾਰ ਹੁੰਦਾ ਹੋਇਆ, ਡੀਸੀ ਦਫ਼ਤਰ ਸਾਹਮਣੇ ਆਗੂਆਂ ਦੇ ਧੰਨਵਾਦ ਤੋਂ ਬਾਅਦ ਸਮਾਪਤ ਹੋਇਆ।
ਇਸ ਦੌਰਾਨ ਜਰਨੈਲ ਸਿੰਘ, ਸੋਨੀ, ਅਤਰ ਸਿੰਘ, ਬੂਟਾ ਸਿੰਘ ਤੇ ਹੋਰ ਪਿੰਡਾਂ ਦੇ ਮੋਹਤਬਰ ਆਦਮੀਆਂ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਿਸਾਨ ਵਿਰੋਧੀ ਹੈ। ਇਸ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਨੀਤੀ ਨਾਲ ਕਿਸਾਨ ਉੱਜੜ ਜਾਣਗੇ। ਕਿਸਾਨਾਂ ਦੇ ਨਾਲ ਹੋਰ ਲੋਕ, ਦੁਕਾਨਦਾਰ, ਮਜ਼ਦੂਰ ਤੇ ਹੋਰ ਲੋਕ ਵੀ ਬੇਰੁਜਗਾਰ ਹੋ ਜਾਣਗੇ। ਇਹ ਨੀਤੀ ਪਿੰਡਾਂ ਦੇ ਵਿਕਾਸ ਦੀ ਵਿਰੋਧੀ ਹੈ। ਇਸ ਵਾਤਾਵਰਨ ਵੀ ਪ੍ਰਭਾਵਤ ਹੋਵੇਗਾ। ਕਿਸਾਨਾਂ ਕੋਲੋ ਜ਼ਮੀਨਾਂ ਖੋਹਣ ਲਈ ਸਰਕਾਰ ਝੂਠੇ ਵਾਅਦੇ ਅਤੇ ਲਾਲਚ ਦੇ ਰਹੀ ਹੈ। ਇਸ ਤੋਂ ਪਹਿਲਾ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆ ਗਇਆ ਸਨ ਉਹ ਹੁਣ ਤੱਕ ਵਿਕਸਤ ਨਹੀਂ ਹੋ ਸਕੀਆਂ।
ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਇਸ ਲੈਂਡ ਪੂਲਿੰਗ ਨੀਤੀ ਤਹਿਤ ਇੱਕ ਇੰਚ ਵੀ ਜ਼ਮੀਨ ਨਹੀ ਦੇਣਗੇ। ਉਹਨਾਂ ਕਿਹਾ ਕਿ ਇਸ ਨੀਤੀ ਨੂੰ ਰੋਕਣ ਲਈ ਜਿਹੜਾ ਸੱਦਾ ਸੰਯੁਕਤ ਕਿਸਾਨ ਮੋਰਚੇ ਵਲੋ ਆਵੇਗਾ ਉਸ ਨੂੰ ਪੂਰੀ ਤਾਕਤ ਨਾਲ ਲਾਗੂ ਕੀਤਾ ਜਾਵੇਗਾ ਅਤੇ ਜਿੱਤ ਤਕ ਸੰਘਰਸ਼ ਕੀਤਾ ਜਾਵੇਗਾ।

Comments
Post a Comment