ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਲਈ ਰਾਸ਼ਟਰਪਤੀ ਦੇ ਨਾਮ ‘ਤੇ ਡੀਸੀ ਜਲੰਧਰ ਨੂੰ ਮੰਗ ਪੱਤਰ ਸੌਂਪਿਆ
ਜਲੰਧਰ: ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਦਿੱਲੀ ਅੰਦੋਲਨ ਦੇ ਚਾਰ ਸਾਲ ਪੂਰੇ ਹੋਣ ਮੌਕੇ ਕਿਸਾਨ ਮਜ਼ਦੂਰ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ।
ਆਗੂਆਂ ਮੰਗ ਕੀਤੀ ਕਿ ਸਾਰੀਆਂ ਫਸਲਾਂ ਲਈ ਕਾਨੂੰਨੀ ਤੌਰ 'ਤੇ MSP @C2+50% ਲਾਗੂ ਕਰਨੀ ਅਤੇ ਇਸ ਰੇਟ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, 4 ਲੇਬਰ ਕੋਡਾਂ ਨੂੰ ਰੱਦ ਕੀਤਾ ਜਾਵੇ, 26000 ਰੁਪਏ ਪ੍ਰਤੀ ਮਹੀਨਾ ਰਾਸ਼ਟਰੀ ਘੱਟੋ-ਘੱਟ ਉਜਰਤ ਲਾਗੂ, ਸੰਗਠਿਤ, ਅਸੰਗਠਿਤ ਅਤੇ ਖੇਤੀਬਾੜੀ ਖੇਤਰ ਦੇ ਸਾਰੇ ਕਾਮਿਆਂ ਲਈ ਸਮਾਜਿਕ ਸੁਰੱਖਿਆ ਦਿੱਤੀ ਜਾਵੇ, ਕਰਜ਼ੇ ਅਤੇ ਕਿਸਾਨ ਦੀ ਖੁਦਕੁਸ਼ੀ ਨੂੰ ਖਤਮ ਕਰਨ ਲਈ ਵਿਆਪਕ ਕਰਜ਼ਾ ਮੁਆਫੀ, ਜਨਤਕ ਖੇਤਰ ਦੇ ਅਦਾਰਿਆਂ ਅਤੇ ਜਨਤਕ ਸੇਵਾਵਾਂ ਸਿਹਤ, ਸਿੱਖਿਆ, ਬਿਜਲੀ ਆਦਿ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਪ੍ਰੀਪੇਡ ਸਮਾਰਟ ਮੀਟਰ ਲਾਉਣੇ ਬੰਦ ਕਰੋ, ਖੇਤੀਬਾੜੀ ਪੰਪਾਂ ਲਈ ਮੁਫਤ ਬਿਜਲੀ, ਘਰੇਲੂ ਉਪਭੋਗਤਾਵਾਂ ਅਤੇ ਦੁਕਾਨਾਂ ਲਈ ਹਰ ਮਹੀਨੇ 300 ਯੂਨਿਟਾਂ ਮੁਫਤ ਬਿਜਲੀ ਦਿੱਤੀ ਜਾਵੇ, ਡਿਜੀਟਲ ਐਗਰੀਕਲਚਰ ਮਿਸ਼ਨ (DAM), ਰਾਸ਼ਟਰੀ ਸਹਿਕਾਰਤਾ ਨੀਤੀ ਅਤੇ MNCs ਨਾਲ ICAR ਸਮਝੌਤੇ ਜੋ ਰਾਜ ਸਰਕਾਰਾਂ ਦੇ ਅਧਿਕਾਰਾਂ 'ਤੇ ਕਬਜ਼ਾ ਕਰਦੇ ਹਨ ਅਤੇ ਖੇਤੀਬਾੜੀ ਦੇ ਕਾਰਪੋਰੇਟੀਕਰਨ ਦੀ ਸਹੂਲਤ ਦਿੰਦੇ ਹਨ, ਸਾਰੇ ਬੰਦ ਕੀਤੇ ਜਾਣ।
ਰਾਜ ਸਰਕਾਰਾਂ ਕ੍ਰੈਡਿਟ, ਖਰੀਦ, ਪ੍ਰੋਸੈਸਿੰਗ ਅਤੇ ਬ੍ਰਾਂਡਡ ਮਾਰਕੀਟਿੰਗ ਵਿੱਚ ਜਨਤਕ ਖੇਤਰ ਦੁਆਰਾ ਸਮਰਥਤ ਉਤਪਾਦਕ ਸਹਿਕਾਰੀ, ਸਮੂਹਾਂ, ਸੂਖਮ-ਲਘੂ-ਮੱਧਮ ਉੱਦਮਾਂ ਦੇ ਕਨਸੋਰਟੀਅਮ ਨੂੰ ਉਤਸ਼ਾਹਿਤ ਕਰਨ ਲਈ ਸਹਿਕਾਰੀ ਖੇਤੀ ਐਕਟ ਲਾਗੂ ਕਰਦੀਆਂ ਹਨ, ਅੰਨ੍ਹੇਵਾਹ ਜ਼ਮੀਨ ਐਕਵਾਇਰ ਕਰਨੀ ਬੰਦ ਕਰਨ, ਮਨਰੇਗਾ ਅਧੀਨ ਸਾਲ ਵਿੱਚ 200 ਦਿਨ ਕੰਮ ਅਤੇ ਦਿਹਾੜੀ 600 ਰੁਪਏ ਕਰਨ, ਮਨਰੇਗਾ ਸਕੀਮ ਨੂੰ ਖੇਤੀਬਾੜੀ, ਪਸ਼ੂ ਪਾਲਣ ਲਈ ਵਾਟਰਸ਼ੈੱਡ ਯੋਜਨਾ ਨਾਲ ਜੋੜਨ, ਫਸਲਾਂ ਅਤੇ ਪਸ਼ੂਆਂ ਲਈ ਵਿਆਪਕ ਸਰਕਾਰੀ ਬੀਮਾ ਯੋਜਨਾ, ਫਸਲੀ ਬੀਮਾ ਯਕੀਨੀ ਬਣਾਓਣ ਅਤੇ ਠੇਕੇ ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਕੀਮ ਦੇ ਸਾਰੇ ਲਾਭ ਦੇਣ, ਕਾਰਪੋਰੇਟ ਪੱਖੀ ਅਤੇ ਫਿਰਕੂ ਨੀਤੀਆਂ ਨੂੰ ਖਤਮ ਕਰਨਾ - ਜਨਤਕ ਦੌਲਤ ਦਾ ਕਾਰਪੋਰੇਟੀਕਰਨ ਕਰਨ ਲਈ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਫਿਰਕੂ ਨੀਤੀਆਂ ਖਤਮ ਕਰਨ, ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਲਈ ਔਰਤ ਸ਼ਕਤੀਕਰਨ ਅਤੇ ਫਾਸਟ ਟਰੈਕ ਨਿਆਂਇਕ ਸਿਸਟਮ ਬਣਾਉਣ, ਪੰਜਾਬ ਦੇ ਕਿਸਾਨਾਂ ਤੇ ਝੋਨੇ ਦੀ ਖਰੀਦ ਸਮੇਂ ਨਮੀ ਦੇ ਨਾਂ ਤੇ ਲਗਾਈ ਕਾਟ ਦੀ ਰਕਮ ਕਿਸਾਨਾਂ ਨੂੰ ਦਿਵਾਉਣ, ਝੋਨੇ ਵਿੱਚੋਂ ਕਾਟ ਕੱਟਣ ਵਾਲੇ ਆੜ੍ਹਤੀਆਂ ਦੇ ਲਾਇਸੰਸ ਰੱਦ ਕਰਨ, ਕਿਸਾਨਾਂ ਨੂੰ ਲੁੱਟਣ ਵਾਲੇ ਸ਼ੈਲਰ ਮਾਲਕਾਂ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ, ਮਜ਼ਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਾਏ ਪਰਚੇ ਅਤੇ ਜੁਰਮਾਨੇ ਰੱਦ ਕੀਤੇ ਜਾਣ ਅਤੇ ਉਹਨਾਂ ਦੀ ਜਮਾਂਬੰਦੀ ਵਿੱਚ ਕੀਤੇ ਲਾਲ ਇੰਦਰਾਜ ਖਤਮ ਕੀਤੇ ਜਾਣ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ, ਗੁਰਕੰਵਲ ਸਿੰਘ, ਗੁਰਨਾਮ ਤੱਗੜ, ਜਮਹੂਰੀ ਕਿਸਾਨ ਸਭਾ ਦੇ ਮਨੋਹਰ ਗਿੱਲ, ਜਸਵਿੰਦਰ ਢੇਸੀ, ਮਨਜਿੰਦਰ ਢੇਸੀ, ਬੀਕੇਯੂ ਰਾਜੇਵਾਲ ਅਵਤਾਰ ਸਿੰਘ, ਮੋਹਣ ਸਿੰਘ ਫ਼ੌਜੀ, ਸੀਟੂ ਦੇ ਹਰੀਮੁਨੀ ਸਿੰਘ, ਪੀਐਮਯੂ ਦੇ ਹੰਸ ਰਾਜ ਪੱਬਵਾ, ਆਈਜੇਐਮ ਦੇ ਜਸਵੀਰ ਜੱਸੀ, ਕੇਕੇਯੂ ਔਰਤ ਵਿੰਗ ਬਲਿਹਾਰ ਕੌਰ ਸੈਦੋਵਾਲ, ਪੀਐੱਸਯੂ ਦੇ ਮੰਗਲਜੀਤ ਪੰਡੋਰੀ, ਵੀਰ ਕੁਮਾਰ, ਮਜ਼ਦੂਰ ਆਗੂ ਰਵਿੰਦਰ ਕੁਮਾਰ ਆਦਿ ਨੇ ਸੰਬੋਧਨ ਕੀਤਾ।

Comments
Post a Comment