ਜਮਹੂਰੀ ਕਿਸਾਨ ਸਭਾ ਨੇ ਕਿਸਾਨਾਂ ਦੇ ਝੋਨੇ ਦੀ ਕਾਟ ਕੱਟਣ ਦੀ ਕੀਤੀ ਸਖ਼ਤ ਸ਼ਬਦਾਂ ‘ਚ ਨਿਖੇਧੀ
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਅੱਜ ਸਥਾਨਕ ਸ਼ਹੀਦ ਸਰਬਣ ਸਿੰਘ ਚੀਮਾ ਭਵਨ ਗੜ੍ਹਾ ਵਿਖੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਵਿਛੜੇ ਆਗੂਆਂ ਸੀਤਾ ਰਾਮ ਯੈਚਰੀ, ਅਜੈਬ ਸਿੰਘ ਜਹਾਂਗੀਰ, ਗੁਰਦਿਆਲ ਸਿੰਘ ਕਿਲ੍ਹਾ ਰਾਏਪੁਰ, ਬਾਬੂ ਸਿੰਘ ਗਰੇਵਾਲ ਆਸੀ ਕਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਇਸ ਵਾਰ ਮੰਡੀਆਂ ‘ਚ ਕਿਸਾਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਅਤੇ ਉਹਨਾਂ ਦੇ ਝੋਨੇ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਬਦਨੀਤੀਆਂ ਕਾਰਨ ਕਈ ਦਿਨ ਮੰਡੀਆਂ ‘ਚ ਰੁੱਲਣਾ ਪਿਆ।ਜਿਸ ਦੇ ਨੁਕਸਾਨ ਦੀ ਭਰਪਾਈ ਨਹੀ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਕੱਟੇ ਗਏ ਝੋਨੇ ਦੀ ਕਾਟ ਅਤੇ ਰੇਟ ਵਿੱਚ ਲਗਾਏ ਕੱਟ ਨੂੰ ਵਾਪਸ ਕਰਵਾਉਣ ਲਈ ਕਿਸਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਕੱਟੇ ਗਏ ਝੋਨੇ ਅਤੇ ਰੇਟ ਦੇ ਵੇਰਵੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨਾਲ ਸਾਂਝੇ ਕਰਨ। ਉਹਨਾਂ ਕਿਹਾ ਕਿ ਇਸ ਧੱਕੇ ਵਿਰੁੱਧ ਸਭਾ ਜਿੱਤ ਤੱਕ ਸੰਘਰਸ਼ ਕਰੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਇਸ ਵਾਰ ਸੂਬਾ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾਂ ਬਣਾ ਕੇ ਉਹਨਾਂ ਦੀ ਜਿਣਸ ਨੂੰ ਮੰਡੀਆਂ ਵਿੱਚ ਰੋਲ੍ਹਿਆ ਹੈ। ਕਿਸਾਨਾਂ ਨੂੰ ਡੀਏਪੀ ਖਾਦ ਦਾ ਪਹਿਲਾਂ ਪ੍ਰਬੰਧ ਕਰ ਕੇ ਦੇਣਾ ਸੀ, ਪਰ ਖਾਦ ਦੀ ਨਕਲੀ ਥੁੜ ਪੈਦਾ ਕਰ ਕੇ ਜਿੱਥੇ ਕਿਸਾਨਾਂ ਦੀ ਬਿਜਾਈ ਲੇਟ ਕੀਤੀ ਹੈ, ਉੱਥੇ ਖਾਦ ਦੀ ਬਲੈਕ ਕਰਕੇ ਕਿਸਾਨਾਂ ਦੀ ਆਰਥਿਕ ਲੁੱਟ ਵੀ ਕੀਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਕਾਲਾ ਬਜ਼ਾਰੀ ਕਰਨ ਵਾਲੇ ਮਾਲਾਮਾਲ ਹੋ ਰਹੇ ਹਨ।
ਉਹਨਾ ਕਿਹਾ ਕਿ ਕਿਸਾਨ ਇਸ ਵਰਤਾਰੇ ਨੂੰ ਜ਼ਿਆਦਾ ਦਿਨ ਸਹਿਣ ਨਹੀਂ ਕਰਗੇ। ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਸੂਬਾ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਸਭਾ 7 ਨਵੰਬਰ ਨੂੰ ਅਕਤੂਬਰ ਇਨਕਲਾਬ ਦੇ ਦਿਹਾੜੇ ’ਤੇ ਵਿਸ਼ੇਸ਼ ਮੀਟਿੰਗਾਂ ਕਰਕੇ ਮਨਾਏਗੀ। 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਵਸ ਮੌਕੇ ਜ਼ਿਲ੍ਹਾ ਪੱਧਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।
26 ਨਵੰਬਰ 2020 ਨੂੰ ਕਿਸਾਨ ਮੋਰਚੇ ਨੇ ਦਿੱਲੀ ਵੱਲ ਕੂਚ ਕੀਤਾ ਸੀ, ਇਸ ਦਿਨ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਨਵੰਬਰ ਨੂੰ ਜ਼ਿਲ੍ਹਾ ਤੇ ਤਹਿਸੀਲ ਪੱਧਰੀ ਸਮਾਗਮ ਕਰਕੇ ਇਸ ਦੀ ਵਰ੍ਹੇਗੰਢ ਨੂੰ ਮਨਾਇਆ ਜਾਵੇਗਾ। ਇਹਨਾਂ ਸਾਰੇ ਪ੍ਰੋਗਰਾਮਾਂ ਦੀ ਸਫਲਤਾ ਲਈ ਡਿਊਟੀਆਂ ਦੀ ਵੰਡ ਕਰ ਦਿੱਤੀ ਹੈ।

Comments
Post a Comment