ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨਾਂ ਨੇ ਪਠਾਨਕੋਟ ਡੀਸੀ ਦਫਤਰ ਦਾ ਕੀਤਾ ਘਿਰਾਓ
ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਠਾਨਕੋਟ ਦੇ ਡੀਸੀ ਦਫਤਰ ਦਾ ਘਿਰਾਓ ਕੀਤਾ ਗਿਆ। ਜਿਸ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੇਵਲ ਸਿੰਘ ਕੰਗ, ਜਮਹੂਰੀ ਕਿਸਾਨ ਯੂਨੀਅਨ ਵਲੋਂ ਬਲਵੰਤ ਸਿੰਘ ਘੋਂ, ਕੁੱਲ ਹਿੰਦ ਕਿਸਾਨ ਸਭਾ ਵਲੋਂ ਪਰਸ਼ੋਤਮ ਕੁਮਾਰ, ਕਿਰਤੀ ਕਿਸਾਨ ਯੂਨੀਅਨ ਵਲੋਂ ਪਰਮਜੀਤ ਸਿੰਘ, ਮਾਜਾ ਸੰਘਰਸ਼ ਕਮੇਟੀ ਵਲੋਂ ਗੁਰਸ਼ਰਨ ਸਿੰਘ ਨੇ ਕੀਤੀ।
ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕੇਵਲ ਕਾਲੀਆ, ਸੁਰਿੰਦਰ ਸਹਿਗਲ, ਅਵਿਨਾਸ਼ ਕੁਮਾਰ, ਬਲਵੰਤ ਸਿੰਘ, ਅਵਤਾਰ ਸਿੰਘ, ਉੱਤਮ ਸਿੰਘ, ਭਗਵਾਨ ਸਿੰਘ, ਗੁਰਦੀਪ ਸਿੰਘ, ਗੁਰਬਾਜ ਸਿੰਘ, ਜੋਗਾ ਸਿੰਘ ਮਿਆਣੀ, ਮੁਖਤਾਰ ਸਿੰਘ, ਸੋਮ ਨਾਥ, ਬਲਦੇਵ ਰਾਜ ਭੋਅ, ਬਲਕਾਰ ਸਿੰਘ, ਸੋਮ ਰਾਜ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਪੁੱਤਰਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਹੈ। ਬੜੀ ਮੱਠੀ ਚਾਲ ਨਾਲ ਖਰੀਦ ਕੀਤੀ ਜਾ ਰਹੀ ਹੈ। ਚੁਕਾਈ ਵੀ ਪੂਰੀ ਤਰਾ ਨਹੀਂ ਹੋ ਰਹੀ ਹੈ। ਨਮੀ ਦੇ ਨਾ ’ਤੇ ਝੋਨੇ ਦੀ ਫ਼ਸਲ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਕਿਸਾਨ ਨੂੰ ਸਸਤੇ ਭਾਅ ’ਤੇ ਝੋਨਾ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਲੁੱਟਣ ਲਈ ਪ੍ਰਾਈਵੇਟ ਖਰੀਦਦਾਰ ਅਧਿਕਾਰੀ ਤੇ ਮੰਡੀ ਵਾਲੇ ਰਲੇ ਹੋਏ ਹਨ। ਇਹ ਸਾਰੇ ਕਿਸਾਨ ਨੂੰ ਸਸਤੇ ‘’ਚ ਝੋਨਾ ਵੇਚਣ ਲਈ ਮਜਬੂਰ ਕਰ ਰਹੇ ਹਨ। ਮੋਦੀ ਦੀ ਕੇਂਦਰ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਕਰਕੇ ਕਿਸਾਨ ਨੂੰ ਮੰਡੀਆਂ ਵਿੱਚ ਰੋਲ ਰਹੀ ਹੈ। ਉਹ ਮੰਡੀ ਨੂੰ ਤੋੜਨ ਲਈ ਯਤਨ ਕਰ ਰਹੀ ਹੈ। ਜੈ ਮੰਡੀ ਨਾ ਰਹੀ ਤਾਂ ਕਿਸਾਨੀ ਨੂੰ ਹੋਂਦ ਬਚਾਉਣੀ ਮੁਸ਼ਕਲ ਹੋ ਜਾਵੇਗੀ। ਬਜ਼ਾਰ ਵਿਚ ਡੀਆਈਪੀ ਖਾਦ ਦੀ ਥੁੜ ਪੈਦਾ ਕੀਤੀ ਜਾ ਰਹੀ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਤੇਜੀ ਨਾਲ ਕੀਤੀ ਜਾਵੇ। ਕਿਸਾਨ ਨੂੰ ਫ਼ਸਲ ਦਾ ਪੂਰਾ ਮੁੱਲ ਦੇਣ ਦਾ ਪ੍ਰਬੰਧ ਕੀਤਾ ਜਾਵੇ। ਖਾਦ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਖਜਲ ਖਰਾਬ ਕਰਨਾ ਬੰਦ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Comments
Post a Comment