ਝੋਨੇ ਦੀ ਖਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਵਲੋਂ ਪੰਜ ਘੰਟੇ ਰਿਹਾ ਜੀਟੀ ਰੋਡ ਜਾਮ
ਭਾਰਤੀ ਕਿਸਾਨ ਯੂਨੀਅਨ ਕਾਦੀਆ, ਜਮਹੂਰੀ ਕਿਸਾਨ ਸਭਾ, ਬੀਕੇਯੂ ਰਾਜੇਵਾਲ, ਬੀਕੇਯੂ ਦੋਆਬਾ, ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਅੱਜ ਸਵਾ ਬਾਰਾਂ ਵਜੇ ਜੀਟੀ ਰੋਡ ਜਾਮ ਕਰ ਦਿੱਤਾ। ਜੀਟੀ ਰੋਡ ਤੇ ਲਗਾਏ ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਝੋਨੇ ਦੀਆਂ ਕਿਸਮਾਂ ਦੀ ਖਰੀਦ ਦੇ ਝਮੇਲੇ ਵਕਤ ਸਿਰ ਨਜਿੱਠੇ ਜਾਣੇ ਚਾਹੀਦੇ ਸਨ ਅਤੇ ਝੋਨਾ ਖਰੀਦਣ ਉਪਰੰਤ ਥਾਂ ਵਹਿਲੇ ਕਰਨ ਦਾ ਕੰਮ ਵੀ ਪਹਿਲਾ ਹੀ ਨਿਬੇੜਿਆ ਜਾਣਾ ਚਾਹੀਦਾ ਸੀ। ਆਗੂਆਂ ਨੇ ਕਿਹਾ ਕਿ ਜਾਮ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਕਾਰਨ ਖਰੀਦ ਦਾ ਮਾੜਾ ਪ੍ਰਬੰਧ ਹੈ, ਜਿਸ ਲਈ ਸਰਕਾਰਾਂ ਜਿੰਮੇਵਾਰ ਹਨ।
ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ’ਚ ਅਮਰੀਕ ਸਿੰਘ ਭਾਰ ਸਿੰਘ ਪੁਰੀ, ਸੰਤੋਖ ਸਿੰਘ ਬਿਲਗਾ, ਕਮਲਜੀਤ ਸਿੰਘ, ਜਸਵਿੰਦਰ ਸਿੰਘ ਢੇਸੀ, ਜਰਨੈਲ ਸਿੰਘ ਮੋਤੀਪੁਰ, ਕਸ਼ਮੀਰ ਸਿੰਘ, ਕੁਲਦੀਪ ਫਿਲੌਰ, ਤਰਜਿੰਦਰ ਧਾਲੀਵਾਲ, ਮਨਜਿੰਦਰ ਸਿੰਘ ਢੇਸੀ, ਜਰਨੈਲ ਫਿਲੌਰ, ਆੜ੍ਹਤੀਆ ਐਸੇਸੋਈਸ਼ਨ ਫਿਲੌਰ ਦੇ ਪ੍ਰਧਾਨ ਗੁਲਸ਼ਨ ਅਹੂਜਾ, ਲਖਵਿੰਦਰ ਸਿੰਘ ਮੋਤੀਪੁਰ ਆਦਿ ਨੇ ਦੋਸ਼ ਲਾਇਆ ਕਿ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ| ਆਗੂਆਂ ਨੇ ਕਿਹਾ ਕਿ ਜੇ ਜੇ ਕਿਸਾਨਾਂ ਦਾ ਮਸਲਾ ਜਲਦੀ ਹੱਲ ਨਾ ਕੀਤਾ ਤਾਂ ਕਿਸਾਨ ਅਣਮਿਥੇ ਸਮੇਂ ਲਈ ਮੁੱਖ ਮਾਰਗ ਅਤੇ ਰੇਲਵੇ ਟਰੈਕ ਵੀ ਜਾਮ ਕਰਨ ਲਈ ਮਜ਼ਬੂਰ ਹੋਣਗੇ| ਅਖ਼ੀਰ ’ਚਐੱਸਡੀਐੱਮ ਫਿਲੌਰ ਅਮਨਪਾਲ ਸਿੰਘ ਅਤੇ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੋਂ ਹੀ ਲਿਫਟਿੰਗ ਸ਼ੁਰੂ ਕਰਵਾ ਦਿੱਤੀ ਜਾਵੇਗੀ। ਜਿਸ ਉਪਰੰਤ ਸਾਢੇ ਪੰਜ ਵਜੇ ਦੇ ਕਰੀਬ ਧਰਨਾ ਸਮਾਪਤ ਕੀਤਾ ਗਿਆ।

Comments
Post a Comment