ਟੌਲ ਪਲਾਜ਼ੇ ’ਤੇ ਟ੍ਰੈਫਿਕ ਕੀਤਾ ਜਾਮ
ਨਰੋਟ ਮਹਿਰਾ : ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਕਰਕੇ ਝੋਨੇ ਦੀ ਸਹੀ ਢੰਗ ਨਾਲ ਖਰੀਦ ਨਹੀਂ ਹੋ ਰਹੀ ਅਤੇ ਨਾ ਹੀ ਮਜ਼ਦੂਰਾਂ, ਆੜਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਵੱਲ ਧਿਆਨ ਵੀ ਨਹੀਂ ਦਿੱਤਾ ਜਾ ਰਿਹਾ, ਦੇ ਰੋਸ ਵੱਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਪਠਾਨਕੋਟ ਜ਼ਿਲੇ ਅੰਦਰ ਰਛਪਾਲਵਾਂ ਟੋਲ ਪਲਾਜ਼ਾ ਵਿਖੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਪਠਾਨਕੋਟ-ਅੰਮ੍ਰਿਤਸਰ ਰੋਡ ਜਾਮ ਕੀਤਾ ਗਿਆ। ਜਾਮ ਕਾਰਨ ਸੜਕ ਦੇ ਦੋਨਾਂ ਸਾਈਡਾਂ ਤੇ ਵਹੀਕਲਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਧਰਨੇ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਜਥੇਦਾਰ ਕੇਵਲ ਸਿੰਘ ਕੰਗ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਦੇਵ ਰਾਜ ਭੋਆ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਮਜੀਤ ਸਿੰਘ ਰਤਨਗੜ੍ਹ ਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਪ੍ਰਸ਼ੋਤਮ ਕੁਮਾਰ ਨੇ ਸਾਂਝੇ ਤੌਰ ਤੇ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਸਾਥੀ ਪਲਵਿੰਦਰ ਸਿੰਘ ਮਠੋਲਾ, ਗੁਰਮੀਤ ਸਿੰਘ ਮਗਰਾਲਾ, ਕਾਮਰੇਡ ਸ਼ਿਵ ਕੁਮਾਰ, ਕੇਵਲ ਕਾਲੀਆ, ਮੁਖਤਿਆਰ ਸਿੰਘ, ਗੁਰਸ਼ਰਨ ਸਿੰਘ ਮਾਖਨ ਪੁਰ, ਸੁਰਿੰਦਰ ਸਹਿਗਲ, ਅਵਤਾਰ ਸਿੰਘ, ਦਲਜੀਤ ਸਿੰਘ, ਨੋਨੀ ਅਖਵਾੜਾ, ਲਵਦੀਪ ਸਿੰਘ, ਸੂਰਤੀ ਸਿੰਘ, ਰਘਬੀਰ ਸਿੰਘ ਧਲੌਰੀਆਂ, ਬਲਬੀਰ ਸਿੰਘ ਬੇੜੀਆਂ ਅਤੇ ਹੋਰ ਸਾਥੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਆਪਣੇ ਪਠਾਨਕੋਟ ਜ਼ਿਲੇ ਅੰਦਰ ਝੋਨੇ ਦੀ ਖਰੀਦ ਤੇ ਚੁਕਾਈ ਨਾ ਮਾਤਰ ਹੋਣ ਕਰਕੇ ਹਜਾਰਾਂ ਕਿਸਾਨ ਖੱਜਲ ਖੁਆਰ ਹੋਰ ਰਹੇ ਹਨ, ਇਸ ਤੋਂ ਸਮੁਚੇ ਪੰਜਾਬ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਵੇਲੇ ਸਿਰ ਦਖਲ ਦੇ ਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੀ ਸੁਣਵਾਈ ਨਾ ਕੀਤੀ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Comments
Post a Comment