ਅੰਮ੍ਰਿਤਸਰ ਵਿਖੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ
ਅੰਮ੍ਰਿਤਸਰ : ਪੰਜਾਬ ਅੰਦਰ ਝੋਨੇ ਅਤੇ ਬਾਸਮਤੀ ਦੀ ਹੋ ਰਹੀ ਲੁੱਟ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੂਬਾਈ ਸੱਦੇ ’ਤੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ 11 ਤੋਂ 3 ਵਜੇ ਦੁਪਹਿਰ ਤੱਕ ਘਿਰਾਓ ਕੀਤਾ।
ਇਸ ਮੌਕੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਧਨਵੰਤ ਸਿੰਘ ਖਤਰਾਏ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਜਤਿੰਦਰ ਸਿੰਘ ਛੀਨਾ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਸੂਬਾਈ ਆਗੂ ਲਖਬੀਰ ਸਿੰਘ ਨਿਜਾਮਪੁਰਾ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਛੀਨਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮੰਗਲ ਸਿੰਘ ਧਰਮਕੋਟ, ਅਜਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਨਿਸ਼ਾਨ ਸਿੰਘ ਸਾਂਘਣਾ ਨੇ ਕਿਹਾ ਕਿ ਪ੍ਰਾਂਤ ਅੰਦਰ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਪ੍ਰਾਈਵੇਟ ਵਪਾਰੀਆਂ ਵੱਲੋਂ 2 ਸੌ ਤੋਂ ਸੌ ਰੁਪਏ ਪ੍ਰਤੀ ਕੁਇੰਟਲ ਝੋਨਾ ਘੱਟ ਕੀਮਤ ਤੇ ਅਤੇ ਬਾਸਮਤੀ 15 ਸੌ ਤੋਂ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟ ਕੀਮਤ ਤੇ ਖਰੀਦੀ ਗਈ ਹੈ ਜਿਸ ਨਾਲ ਕਰਜੇ ਦੇ ਬੋਝ ਹੇਠ ਦੱਬੀ ਕਿਸਾਨੀ ਹੋਰ ਡੂੰਘੇ ਸੰਕਟ ਵਿੱਚ ਫਸ ਗਈ ਹੈ ਜਿਸਦੀ ਦੋਸ਼ੀ ਕੇਂਦਰ ਅਤੇ ਪੰਜਾਬ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਝੋਨੇ ਦੀ ਪੀ ਆਰ 126 ਕਿਸਮ ਬੀਜਣ ਲਈ ਉਤਸ਼ਾਹਿਤ ਕੀਤਾ ਸੀ ਪਰ ਇਸ ਕਿਸਮ ਦੀ ਖਰੀਦ ਮੰਡੀਆਂ ਵਿੱਚ ਸਰਕਾਰੀ ਏਜੰਸੀਆਂ ਨੇ ਨਹੀਂ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੀ ਫਸਲ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਤੁਰੰਤ ਕੀਤੀ ਜਾਵੇ, ਲਿਫਟਿੰਗ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ, ਝੋਨੇ ਦੇ ਸੀਜਨ ਦੀ ਡੈਡ ਲਾਈਨ ਵਧਾਈ ਜਾਵੇ, ਘੱਟ ਕੀਮਤ ਤੇ ਵਿਕੇ ਝੋਨੇ ਅਤੇ ਬਾਸਮਤੀ ਦੀ ਭਰਪਾਈ ਕੀਤੀ ਜਾਵੇ, ਕਣਕ ਦੀ ਬਿਜਾਈ ਲਈ ਡੀ ਏ ਪੀ ਖਾਦ ਤੁਰੰਤ ਉਪਲਬੱਧ ਕਰਵਾਈ ਜਾਵੇ ਅਤੇ ਇਸਦੀ ਕਾਲਾਬਾਜ਼ਾਰੀ ਕਰਨ ਅਤੇ ਖਾਦ ਨਾਲ ਬੇਲੋੜੀਆਂ ਵਸਤਾਂ ਜਬਰਦਸਤੀ ਦੇਣ ਵਾਲੀਆਂ ਫਰਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਨਾ ਹੋਣ ਕਾਰਨ ਕਿਸਾਨਾਂ ਉੱਪਰ ਕਾਰਵਾਈ ਨਾ ਕੀਤੀ ਜਾਵੇ।
ਅੱਜ ਦੇ ਇਕੱਠ ਨੂੰ ਸਤਨਾਮ ਸਿੰਘ ਝੰਡੇਰ, ਪ੍ਰਭਜੀਤ ਸਿੰਘ ਤਿੰਮੋਵਾਲ, ਬਲਬੀਰ ਸਿੰਘ ਮੂਧਲ, ਬਲਕਾਰ ਸਿੰਘ ਦੁਧਾਲਾ, ਸਵਿੰਦਰ ਸਿੰਘ ਮੀਰਾਂਕੋਟ, ਕੰਵਲਜੀਤ ਕੌਰ ਰੰਧਾਵਾ, ਨਰਿੰਦਰ ਤੇੜਾ, ਸੁਖਦੇਵ ਸਿੰਘ ਸਹਿਂਸਰਾ, ਵਿਰਸਾ ਸਿੰਘ ਟਪਿਆਲਾ, ਸਤਵਿੰਦਰ ਸਿੰਘ ਓਠੀਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਦਿਹਾਤੀ ਮਜਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਸਾਨਾਂ ਦੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟ ਕੀਤੀ।
ਅਖੀਰ ਵਿੱਚ ਸਾਥੀ ਰਤਨ ਸਿੰਘ ਰੰਧਾਵਾ ਨੇ ਆਏ ਹੋਏ ਕਿਸਾਨਾਂ ਮਜਦੂਰਾਂ ਦਾ ਧੰਨਵਾਦ ਕੀਤਾ ਅਤੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਐਕਸ਼ਨ ਕੀਤਾ ਜਾਵੇਗਾ।

Comments
Post a Comment