ਕੇਂਦਰ ਤੇ ਸੂਬਾ ਸਰਕਾਰਾਂ ਦੀ ਬਦਨੀਤੀ ਕਾਰਨ ਕਿਸਾਨ ਤੇ ਉਹਨਾਂ ਦੀ ਫ਼ਸਲ ਮੰਡੀਆਂ 'ਚ ਰੁਲੀ: ਡਾ. ਅਜਨਾਲਾ
ਡੇਹਲੋ: “ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਬਦਨੀਤੀਆ ਕਾਰਨ ਅੱਜ ਕਿਸਾਨ ਆਪਣੀ ਝੋਨੇ ਦੀ ਫ਼ਸਲ ਲੈਕੇ ਮੰਡੀਆਂ ’ਚ ਰੁੱਲ ਰਿਹਾ ਹੈ। ਕਿਸਾਨਾਂ ਨੇ ਮਹਿੰਗੀਆਂ ਦਵਾਈਆਂ, ਖਾਦਾਂ, ਡੀਜ਼ਲ ਵਰਤ ਕੇ ਪੈਦਾ ਕੀਤੇ ਝੋਨੇ ਨੂੰ ਆਨੇ ਬਹਾਨੇ ਮੰਡੀਆਂ ’ਚੋਂ ਖ਼ਰੀਦਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਪਿਛੇ ਅਸਲ ਕਾਰਨ ਮੰਡੀਆਂ ਨੂੰ ਅਡਾਨੀਆਂ ਅੰਬਾਨੀਆ ਦੇ ਹਵਾਲੇ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ। ਜਿਸ ਨਾਲ ਜ਼ਰੂਰੀ ਖਾਦ ਪਦਾਰਥਾਂ ਉੱਪਰ ਕਾਰਪੋਰੇਟਾ ਦਾ ਕੰਟਰੋਲ ਕਰਕੇ ਅੰਨਾ ਮੁਨਾਫ਼ਾ ਕਮਾਉਣਾ ਹੈ। ਪਰ ਕਾਰਪੋਰੇਟਾ ਦੇ ਇਸ ਮਕਸਦ ਨੂੰ ਦੇਸ਼ ਦੇ ਕਿਰਤੀ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।”
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਲੁਧਿਆਣਾ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਨ ਉਪਰੰਤ ਕਿਲ੍ਹਾ ਰਾਏਪੁਰ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਰੱਦ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਮੁੜ ਲਾਗੂ ਕਰਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਸਬਕ ਸੁਖਾਉਣਾ ਚਾਹੁੰਦੀ ਹੈ, ਪਰ ਪੰਜਾਬ ਤੇ ਦੇਸ਼ ਦੇ ਕਿਸਾਨ ਅੱਜ ਵੀ ਭਾਜਪਾ ਦੇ ਕਿਸਾਨ ਤੇ ਲੋਕ ਵਿਰੋਧੀ ਇਸ ਇੰਜਡੇ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਝੋਨੇ ਦੀ ਖਰੀਦ ਤੇ ਮੰਡੀਆਂ ਵਿੱਚੋਂ ਚੱਕ ਚਕਾਈ ਨਾ ਹੋਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਤੀ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦਾ 11 ਵਜੇ ਸਵੇਰ ਤੋਂ 04 ਸ਼ਾਮ ਤੱਕ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਵੱਡੀ ਗਿਣਤੀ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਸ਼ਾਮਲ ਹੋਵੇਗੀ।
ਇਸ ਮੌਕੇ ਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸੁਰਜੀਤ ਸਿੰਘ ਸੀਲੋ, ਗੁਰਉਪਦੇਸ਼ ਸਿੰਘ ਘੁੰਗਰਾਣਾ, ਮਲਕੀਤ ਸਿੰਘ ਗਰੇਵਾਲ, ਜਗਮਿੰਦਰ ਸਿੰਘ ਬਿੱਟੂ ਲੱਲਤੋ ਖ਼ੁਰਦ, ਡਾ. ਅਜੀਤ ਰਾਮ ਸ਼ਰਮਾ ਝਾਡੇ, ਜਸਪਾਲ ਸਿੰਘ ਲੱਲਤੋ ਖ਼ੁਰਦ, ਨਛੱਤਰ ਸਿੰਘ, ਛਿਦਰਪਾਲ ਸਿੰਘ ਬੱਲੋਵਾਲ, ਹਾਕਮ ਸਿੰਘ ਜੜਤੌਲੀ ਆਦਿ ਹਾਜ਼ਰ ਸਨ।

Comments
Post a Comment