ਚੁਕਾਈ ਨਾ ਹੋਈ ਤਾਂ ਸ਼ੈਲਰਾਂ ਨੂੰ ਮਾਰੇ ਜਾਣਗੇ ਜਿੰਦਰੇ: ਕਿਸਾਨ ਆਗੂਆਂ ਨੇ ਦਿੱਤੀ ਚਿਤਾਵਨੀ
ਗੁਰਾਇਆ: ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਲਗਾਤਾਰ ਕਿਸਾਨ ਸੜਕਾਂ ’ਤੇ ਹਨ। ਸ਼ੈਲਰ ਮਾਲਕਾਂ ਵਲੋਂ ਕਥਿਤ ਤੌਰ ’ਤੇ ਸਤਾਏ ਕਿਸਾਨਾਂ ਨੇ ਕਿਹਾ ਕਿ ਜੇ ਇਨ੍ਹਾਂ ਨੇ ਕਿਸਾਨਾਂ ਦਾ ਇਹੀ ਹਾਲ ਕਰਨਾ ਹੈ ਤਾਂ ਕਿਸਾਨ ਜਥੇਬੰਦੀਆਂ ਸ਼ੈਲਰਾਂ ਨੂੰ ਜਿੰਦਰੇ ਮਾਰਨ ਨੂੰ ਮਜਬੂਰ ਹੋਣਗੀਆਂ। ਦੂਜੇ ਪਾਸੇ ਸ਼ੈਲਰ ਮਾਲਕਾਂ ਨੇ ਲੇਬਰ ਦੀ ਮੁਸ਼ਕਲ ਦੱਸਦੇ ਹੋਏ ਕਿਹਾ ਕਿ ਹੁਣ ਲੇਬਰ ਮਿਲ ਗਈ ਹੈ, ਜਿਸ ਉਪਰੰਤ ਹੁਣ ਲੁਹਾਈ ਆਰੰਭ ਹੋ ਜਾਏਗੀ।
ਪਿਛਲੇ ਇੱਕ ਹਫਤੇ ਤੋਂ ਫਗਵਾੜਾ ਦੇ ਸ਼ੂਗਰ ਮਿਲ ਚੌਂਕ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜੋ ਕੱਲ ਸਰਕਾਰ ਦੇ ਦੋ ਮੰਤਰੀਆਂ ਵੱਲੋਂ ਫਗਵਾੜਾ ਵਿੱਚ ਪਹੁੰਚ ਕੇ ਧਰਨਾ ਖਤਮ ਕਰਵਾਇਆ ਗਿਆ ਸੀ ਤੇ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਗਿਆ ਸੀ। ਪਰ ਅੱਜ ਮੁੜ ਤੋਂ ਤਹਿਸੀਲ ਫਿਲੌਰ ਦੇ ਪਿੰਡ ਦੁਸਾਂਝ ਕਲਾਂ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘਪੁਰਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਐਤਵਾਰ ਤੋਂ ਦੁਸਾਂਝ ਕਲਾਂ ਵਿੱਚ ਆੜਤੀਆਂ ਵੱਲੋਂ ਝੋਨੇ ਦੀ ਖਰੀਦ ਬੰਦ ਕਰਕੇ ਕੰਢਾ ਬੰਦ ਕੀਤਾ ਹੋਇਆ ਹੈ ਤੇ ਸ਼ੈਲਰ ਮਾਲਕਾਂ ਵੱਲੋਂ ਲਿਫਟਿੰਗ ਨਹੀਂ ਕੀਤੀ ਜਾ ਰਹੀ। ਜਿਸਦੇ ਰੋਸ ਵਜੋਂ ਅੱਜ ਇੱਥੇ ਧਰਨਾ ਲਗਾਇਆ ਗਿਆ ਹੈ। ਤਿੰਨ ਦਿਨ ਪਹਿਲਾਂ ਵੀ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਅਤੇ ਆਪਣੀ ਸਮੱਸਿਆਵਾਂ ਦੱਸੀਆਂ ਗਈਆਂ ਸਨ। ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਕਿਸਾਨਾਂ ਦੇ ਧਰਨੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਵਿਜੇ ਕੁੰਵਰ ਪ੍ਰਤਾਪ, ਐਸਐਚ ਓ ਗੁਰਾਇਆ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਨੂੰ ਜੋ ਕੱਟ ਲਗਾਇਆ ਜਾ ਰਿਹਾ ਹੈ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਸੈਲਰ ਮਾਲਕਾਂ ਅਤੇ ਆੜਤੀਆਂ ਵੱਲੋਂ ਕਿਸਾਨਾਂ ਨੂੰ ਹੁਣ ਤੰਗ ਪਰੇਸ਼ਾਨ ਕੀਤਾ ਜਾਵੇਗਾ ਤਾਂ ਹੁਣ ਸੈਲਰਾਂ ਨੂੰ ਜਿੰਦਰਾ ਲਗਾਇਆ ਜਾਵੇਗਾ। ਉਧਰ ਆੜਤੀਆਂ ਨੇ ਕਿਹਾ ਕਿ ਕਿਸਾਨ 17 ਪ੍ਰਤੀਸ਼ਤ ਵਾਲਾ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ, ਉਸ ਦੀ ਖਰੀਦ ਕੀਤੀ ਜਾਵੇਗੀ। ਉਧਰ ਸ਼ੈਲਰ ਮਾਲਕ ਨੇ ਕਿਹਾ ਕਿ ਲੇਬਰ ਦੀ ਸਮੱਸਿਆ ਹੋਣ ਕਾਰਨ ਮਾਲ ਨਹੀਂ ਉਤਾਰਿਆਂ ਗਿਆ ਸੀ।
ਮੰਡੀ ’ਚ ਖਰੀਦ ਸ਼ੁਰੂ ਹੋਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕੀਤਾ, ਨਾਲ ਹੀ ਚੇਤਾਵਨੀ ਦਿੱਤੀ ਕਿ ਹੁਣ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਜੇਕਰ ਸੈਲਰ ਮਾਲਕਾਂ ਅਤੇ ਆੜਤੀਆਂ ਨੇ ਕਿਸਾਨਾਂ ਨੂੰ ਤੰਗ ਕੀਤਾ ਤਾਂ ਹੁਣ ਸ਼ੈਲਰਾਂ ਨੂੰ ਜਿੰਦਰੇ ਹੀ ਲਗਾਏ ਜਾਣਗੇ।

Comments
Post a Comment