ਸੰਯੁਕਤ ਕਿਸਾਨ ਮੋਰਚਾ ਰੂਪਨਗਰ ਵੱਲੋਂ ਕਿਸਾਨਾਂ ਦੀ ਲੁੱਟ ਖਿਲਾਫ਼ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ
ਰੂਪਨਗਰ: ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਅਤੇ ਲੁੱਟ ਖਿਲਾਫ਼ ਪੂਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ, ਉਸ ਤਹਿਤ ਅੱਜ ਸੰਯੁਕਤ ਕਿਸਾਨ ਮੋਰਚਾ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਰੂਪ ਨਗਰ ਦਾ ਘਿਰਾਓ ਕੀਤਾ ਗਿਆ। ਘਿਰਾਓ ਵਿੱਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਬਦ ਇੰਤਜ਼ਾਮੀ ਕਾਰਨ ਅੱਜ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਰੁਲ ਰਿਹਾ ਹੈ ਪਰੰਤੂ ਕੇਂਦਰ ਤੇ ਸੂਬਾ ਸਰਕਾਰ ਇੱਕ ਦੂਜੇ ਤੇ ਦੂਸ਼ਣਬਾਜੀ ਕਰ ਰਹੀਆਂ ਹਨ ਅਤੇ ਕਿਸਾਨ ਦੀ ਕੋਈ ਬਾਂਹ ਨਹੀਂ ਫੜ ਰਿਹਾ।ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਦੇਸ਼ ਭੁੱਖਮਰੀ ਵਾਲੇ ਦੇਸ਼ਾਂ ਵਿੱਚ ਸਭ ਤੋਂ ਬੁਰੀ ਹਾਲਤ ਵਿੱਚ ਹੈ ਅਤੇ ਦੂਜੇ ਪਾਸੇ ਦੇਸ਼ ਦੇ ਬਹਾਦਰ ਤੇ ਮਿਹਨਤੀ ਕਿਸਾਨਾਂ ਮਜ਼ਦੂਰਾਂ ਦੀ ਮਿਹਨਤ ਨਾਲ ਪੈਦਾ ਕੀਤਾ ਹੋਇਆ ਅਨਾਜ ਮੰਡੀਆਂ ਵਿੱਚ ਰੁਲ ਰਿਹਾ ਜੋ ਕਿ ਦੋਵਾਂ ਸਰਕਾਰਾਂ ਦੀ ਨਲਾਇਕੀ ਹੈ। ਉਹਨਾਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀ ਫਸਲ ਤੇ ਕੱਟ ਲਾਉਣਾ ਬੰਦ ਕੀਤਾ ਜਾਵੇ ਅਤੇ ਫਸਲ ਸਹੀ ਸਮੇਂ ਤੇ ਸੁਚਾਰੂ ਢੰਗ ਨਾਲ ਚੁੱਕੀ ਜਾਵੇ ਅਤੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਬਿਜਾਈ ਲਈ ਜਰੂਰੀ ਖਾਦਾਂ ਅਤੇ ਬੀਜ ਮੁਹਈਆ ਕਰਵਾਏ ਜਾਣ।ਕਿਸਾਨਾਂ ਨਾਲ ਧੱਕੇਸ਼ਾਹੀ ਕਰਨੀ ਤੁਰੰਤ ਬੰਦ ਕੀਤੀ ਜਾਵੇ ਨਹੀਂ ਤਾਂ ਅੱਕੇ ਹੋਏ ਲੋਕ ਕੋਈ ਹੋਰ ਵੱਡਾ ਸੰਘਰਸ਼ ਉਲੀਕ ਸਕਦੇ ਹਨ।
ਬੁਲਾਰਿਆਂ ਵਿੱਚ ਕਾਮਰੇਡ ਮੋਹਣ ਸਿੰਘ ਧਮਾਣਾ, ਸੂਬਾ ਆਗੂ ਜਮਹੂਰੀ ਕਿਸਾਨ ਸਭਾ,ਕਾਮਰੇਡ ਸੁਰਜੀਤ ਸਿੰਘ ਢੇਰ, ਸੂਬਾ ਆਗੂ ਕੁੱਲ ਹਿੰਦ ਕਿਸਾਨ ਸਭਾ, ਕਾਮਰੇਡ ਦਵਿੰਦਰ ਕੁਮਾਰ ਨੰਗਲੀ, ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ, ਵੀਰ ਸਿੰਘ ਬੜਵਾ, ਪ੍ਰਧਾਨ ਕਿਰਤੀ ਕਿਸਾਨ ਮੋਰਚਾ ਰੂਪਨਗਰ, ਦਲਜੀਤ ਸਿੰਘ ਚਲਾਕੀ, ਪ੍ਰਧਾਨ ਭਾਕਿਯੂ ਲੱਖੋਵਾਲ, ਜਤਿੰਦਰ ਪਾਲ ਸਿੰਘ ਜਿੰਦੂ, ਅਵਤਾਰ ਸਿੰਘ ਸਹੇੜੀ, ਰਣਧੀਰ ਸਿੰਘ ਚੱਕਲ ਪ੍ਰਧਾਨ ਭਾਕਿਯੂ ਰਾਜੇਵਾਲ, ਮੋਹਰ ਸਿੰਘ ਖਾਬੜਾ, ਰੇਸ਼ਮ ਸਿੰਘ ਬਡਾਲੀ, ਭਾਕਿਯੂ ਕਾਦੀਆਂ, ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਬਜਿੰਦਰ ਪੰਡਤ, ਕਾਮਰੇਡ ਕਰਨੈਲ ਸਿੰਘ ਬਜਰੂੜ, ਤਰਲੋਚਨ ਸਿੰਘ ਹੁਸੈਨਪੁਰ, ਭਗਤ ਸਿੰਘ ਬਿੱਕੋਂ, ਗੁਰਨੈਬ ਸਿੰਘ ਜੈਤੇਵਾਲ, ਜਰਨੈਲ ਸਿੰਘ ਘਨੌਲਾ, ਜਗਮਨਦੀਪ ਸਿੰਘ ਪੜ੍ਹੀ, ਦਵਿੰਦਰ ਸਰਥਲੀ, ਗੁਰਨਾਮ ਸਿੰਘ ਔਲਖ,ਸੁਖਬੀਰ ਸਿੰਘ ਸੁੱਖਾ, ਰੁਪਿੰਦਰ ਸਿੰਘ ਰੂਪਾ, ਸ਼ਮਸ਼ੇਰ ਸਿੰਘ ਹਵੇਲੀ, ਭਰਾਤਰੀ ਜਥੇਬੰਦੀਆਂ ਵੱਲੋਂ ਸਾਥੀ ਰਾਧੇ ਸ਼ਾਮ ਅਤੇ ਕ੍ਰਿਸ਼ਨ ਅਟਾਰੀ ਸ਼ਾਮਿਲ ਸਨ।

Comments
Post a Comment