ਨਵੇਂ “ਤਿੰਨ ਫ਼ੌਜਦਾਰੀ ਕਾਨੂੰਨਾਂ” ਵਿਰੁੱਧ ਜਮਹੂਰੀ ਕਿਸਾਨ ਸਭਾ ਨੇ ਕੂੰਮਕਲਾਂ ’ਚ ਕੀਤਾ ਸੈਮੀਨਾਰ
ਕੂੰਮਕਲਾਂ: ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕੂੰਮਕਲਾਂ ਨੇ ਕੇਂਦਰ ਸਰਕਾਰ ਵੱਲੋ ਬਣਾਏ ਨਵੇਂ “ਤਿੰਨ ਫ਼ੌਜਦਾਰੀ ਕਾਨੂੰਨਾਂ” ਵਿਰੁੱਧ ਕੂੰਮਕਲਾਂ ਦੇ ਗੁਰੂਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਚੇਅਰਮੈਨ ਬੇਅੰਤ ਸਿੰਘ ਗਰੇਵਾਲ, ਦਲਵੀਰ ਸਿੰਘ ਪਾਗਲੀਆਂ, ਸਰਪੰਚ ਅਵਤਾਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਆਖਿਆ ਕਿ ਸਰਕਾਰਾਂ ਵੱਲੋਂ ਇਹ ਕਾਨੂੰਨ ਬਣਾਉਣ ਦਾ ਮਕਸਦ ਕੇਵਲ ਲੋਕਾਂ ਦੇ ਹਿੱਤਾ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਰੋਕਣਾ ਹੈ। ਸਰਕਾਰ ਚਾਹੁੰਦੀ ਹੈ ਕਿ ਜੇ ਇਹਨਾਂ ਕਾਨੂੰਨਾਂ ਦੇ ਜਬਰ ਨਾਲ ਲੋਕਾਂ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦੇਣਗੇ। ਜੇ ਕਾਰਪੋਰੇਟ ਪੱਖੀ ਇਹ ਨੀਤੀਆਂ ਲਾਗੂ ਨਾ ਹੋਈਆਂ ਤਾਂ ਇਹਨਾਂ ਦਾ ਮੁਨਾਫ਼ਾ ਰੁਕ ਜਾਵੇਗਾ। ਸਰਕਾਰ ਕਾਰਪੋਰੇਟਾ ਦੇ ਦਬਾਅ ਅਧੀਨ ਕੰਮ ਕਰਦੀ ਹੋਣ ਕਾਰਨ ਲੋਕ ਪੱਖੀ ਨੀਤੀਆਂ ਤੋਂ ਕਿਨਾਰਾ ਕਰ ਗਈ ਹੈ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਹਨਾਂ ਕਾਨੂੰਨਾਂ ਵਿਰੁੱਧ ਜ਼ਬਰਦਸਤ ਲੋਕ ਲਹਿਰ ਚਲਾਉਣ ਦੀ ਲੋੜ ਹੈ।
ਖੇਤੀ ਮਹਿਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਦੇਸ਼ ਦਾ ਕਿਰਤੀ ਕਿਸਾਨ ਹੁਣ ਜਥੇਬੰਦ ਹੋ ਕਿ ਲੋਕ ਵਿਰੋਧੀ ਨੀਤੀਆਂ ਖਿਲਾਫ ਲਾਮਬੰਦ ਹੋ ਰਿਹਾ ਹੈ। ਜਿਸ ਕਾਰਨ ਕਾਰਪੋਰੇਟਾ ਵੱਲੋਂ ਜਥੇਬੰਦੀਆਂ ਨੂੰ ਕੰਮ ਕਰਨ ਤੋਂ ਰੋਕਣ ਲਈ ਸਖਤ ਕਾਨੂੰਨ ਬਣਾਏ ਜਾ ਰਹੇ ਹਨ। ਜਿਸ ਨੂੰ ਦੇਸ਼ ਦੇ ਮਿਹਨਤਕਸ਼ ਲੋਕ ਲਾਗੂ ਨਹੀਂ ਹੋਣ ਦੇਣਗੇ। ਅੱਜ ਦੀ ਕਨਵੈਸ਼ਨ ਲੋਕਾ ਨੂੰ ਲਾਮਬੰਦ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਖਵਿੰਦਰ ਸਿੰਘ ਰਤਨਗੜ੍ਹ, ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਨਾਲ ਇਹਨਾਂ ਕਾਨੂੰਨਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰੇਗੀ।
10 ਸਤੰਬਰ ਨੂੰ ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਕੀਤੇ ਜਾ ਰਹੇ ਐਕਸ਼ਨ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਵੀ ਕੀਤਾ ਗਿਆ। ਇਲਾਕਾ ਕਮੇਟੀ ਵੱਲੋਂ ਆਏ ਮੁੱਖ ਬੁਲਾਰਿਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਸਹਿਜਪ੍ਰੀਤ ਸਿੰਘ, ਪਰਮਜੀਤ ਸਿੰਘ ਮਾਛੀਵਾੜਾ, ਜਥੇਦਾਰ ਅਮਰਜੀਤ ਸਿੰਘ ਬਾਲਿਓ, ਸਰਪੰਚ ਗੁਰਚਰਨ ਸਿੰਘ ਝੁੱਗੀਆਂ ਬੇਗਾਂ, ਹਰਪ੍ਰਸ਼ਾਦ ਸਿੰਘ ਵਿਰਕ, ਬਾਬਾ ਹਰਪਾਲ ਸਿੰਘ, ਕੁਲਜੀਤ ਸਿੰਘ ਸਿੱਧੂ, ਹਰਜੀਤ ਸਿੰਘ ਗਰਚਾ, ਧੰਨ ਸਿੰਘ ਪ੍ਰਤਾਪਗੜ੍ਹ, ਸੁਖਮਿੰਦਰ ਸਿੰਘ, ਸਰਦੂਲ ਸਿੰਘ, ਸ਼ਮਸ਼ੇਰ ਸਿੰਘ, ਮੁਸ਼ਕਾਂਬਾਦ ਬਾਇਓ ਗੈਸ ਫੈਕਟਰੀ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਬਚਨ ਸਿੰਘ, ਗੁਰਮੇਲ ਸਿੰਘ ਰੂਮੀ, ਜਗਤਾਰ ਸਿੰਘ ਚਕੌਹੀ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਅਮਰੀਕ ਸਿੰਘ ਜੜਤੌਲੀ, ਕਰਮ ਸਿੰਘ ਗਰੇਵਾਲ, ਬਲਵੀਰ ਸਿੰਘ ਭੁੱਟਾ, ਅਮਰਜੀਤ ਸਿੰਘ ਸਹਿਜਾਦ, ਨਛੱਤਰ ਸਿੰਘ ਆਦਿ ਹਾਜ਼ਰ ਸਨ।

Comments
Post a Comment