ਵੈਟਰਨਰੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਪਸ਼ੂ ਪਾਲਕਾਂ ਨੂੰ ਆਉਦੀਆਂ ਮੁਸ਼ਕਲਾਂ ਸਬੰਧੀ ਦਿੱਤਾ ਮੰਗ ਪੱਤਰ
ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਵਫ਼ਦ ਵਲੋਂ ਪਸ਼ੂ ਪਾਲਕਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾਕਟਰ ਜਤਿੰਦਰ ਪਾਲ ਸਿੰਘ ਗਿੱਲ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ।
ਇਸ ਵਫ਼ਦ ਦੀ ਅਗਵਾਈ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਮਲਕੀਤ ਸਿੰਘ ਗਰੇਵਾਲ ਅਤੇ ਨਛੱਤਰ ਸਿੰਘ ਨੇ ਕੀਤੀ। ਵਫ਼ਦ ‘ਚ ਸ਼ਾਮਿਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ ਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਜੋ ਪੰਜਾਬ ਭਰ ਤੋਂ ਪਸ਼ੂਆ ਦੇ ਇਲਾਜ ਲਈ ਲੁਧਿਆਣਾ ਦੇ ਪਸ਼ੂ ਹਸਪਤਾਲ ਵਿੱਚ ਪਸ਼ੂ ਲੈਕੇ ਆਉਂਦੇ ਹਨ, ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਜਿਵੇ ਲੈਬਰੋਟਰੀ ਵਿੱਚ ਐਕਸ ਰੇ ਮਸ਼ੀਨ ਦਾ ਨਾ ਚੱਲਣਾ, ਪਸ਼ੂਆਂ ਦੇ ਹੋਰ ਟੈਸਟਾਂ ਲਈ ਸਹੂਲਤਾਂ ਦਾ ਨਾ ਹੋਣਾ, ਹਸਪਤਾਲ ‘ਚ ਪਸ਼ੂ ਲੈਕੇ ਆਏ ਕਿਸਾਨਾਂ ਲਈ ਸਹਾਇਕ ਦਾ ਨਾ ਹੋਣਾ, ਹਸਪਤਾਲ ਅੰਦਰ ਦਵਾਈਆਂ ਦਾ ਮਹਿੰਗੇ ਭਾਅ ’ਤੇ ਮਿਲਣਾ ਆਦਿ ਮੁਸ਼ਕਲਾਂ ਦਾ ਹੱਲ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਪਿੰਡਾਂ ਵਿੱਚ ਪਸ਼ੂ ਧਨ ਦਾ ਘਟਣਾ ਚਿੰਤਾ ਦਾ ਵਿਸ਼ਾ ਹੈ, ਇਸ ਪਸ਼ੂ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਨਵੀ ਜਾਣਕਾਰੀ ਤੇ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਇਸ ਸਬੰਧੀ ਪਿੰਡਾਂ ਵਿੱਚ ਕੈਂਪ ਲਗਾਕੇ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਜਾਵੇ।
ਉਪ-ਕੁਲਪਤੀ ਵੱਲੋ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪਸ਼ੂ ਪਾਲਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆ ਰਹੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ।

Comments
Post a Comment