ਝੋਨੇ ਦੀ ਖਰੀਦ ਅਤੇ ਦਾਣਾ ਮੰਡੀਆਂ ‘ਚ ਪੁਖ਼ਤਾ ਪ੍ਰਬੰਧ ਕਰਨ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਵਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਕੁੱਝ ਦਿਨਾਂ ਵਿੱਚ ਮੰਡੀਆਂ ਵਿੱਚ ਆ ਜਾਵੇਗੀ। ਝੋਨੇ ਦੀ ਫ਼ਸਲ ਵੇਚਣ ਆਏ ਕਿਸਾਨਾਂ ਨੂੰ ਪੀਣ ਵਾਲੇ ਪਾਣੀ, ਸੇਵਾਦਾਰਾਂ, ਛਾਂ ਤੇ ਬਾਥਰੂਮਾਂ ਦੇ ਦਾਣਾ ਮੰਡੀਆਂ ਵਿੱਚ ਪ੍ਰਬੰਧ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਜਿਣਸ ਕੰਪਿਊਟਰ ਕੰਢੇ ਨਾਲ ਤੋਲੀ ਜਾਵੇ। ਝੋਨਾ ਬਿਨਾਂ ਕਿਸੇ ਦੇਰੀ ਦੇ ਖ਼ਰੀਦਿਆਂ ਜਾਵੇ, ਮੰਡੀਆਂ ‘ਚ ਬੋਲੀ ਇੰਨਸਪੈਕਟਰ ਕਰਨ, ਸ਼ੈਲਰ ਵਾਲਿਆਂ ਦੀ ਮੰਡੀਆਂ ‘ਚ ਦਖਲ ਅਦਾਜੀ ਬੰਦ ਕੀਤੀ ਜਾਵੇ, ਝੋਨਾ ਵੱਧ ਤੋਲਣ ਵਾਲੇ ਆੜਤੀਆਂ ਅਤੇ ਤੋਲੇ ਉੱਪਰ ਚੋਰੀ ਦਾ ਪਰਚਾ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਡੀ ਏ ਪੀ ਖਾਦ ਨਾਲ ਵਾਧੂ ਸਮਾਨ ਦੇਣ ਵਾਲੇ ਦੁਕਾਨਦਾਰਾਂ ਤੇ ਕਾਰਵਾਈ ਹੋਵੇ, ਨਕਲੀ ਖਾਦਾਂ, ਬੀਜ, ਦਵਾਈਆਂ ਦੀ ਵਿਕਰੀ ਰੋਕਣ ਲਈ ਕੰਪਨੀਆਂ ਦੇ ਜ਼ਿਲ੍ਹਾ ਪੱਧਰੀ ਸਟੋਰਾਂ ਦੀ ਚੈਕਿੰਗ ਕਰਕੇ ਸੈਂਪਲ ਭਰੇ ਜਾਣ, ਸੜਕ ਤੇ ਪਸ਼ੂ ਲੈਕੇ ਘੁੰਮ ਰਹੇ ਤੇ ਬੂਟੇ ਖਰਾਬ ਕਰਦੇ ਪਸ਼ੂ ਚਰਾਉਣ ਵਾਲਿਆਂ ਨੂੰ ਰੋਕਿਆ ਜਾਵੇ। ਉਹਨਾਂ ਕਿਹਾ ਕਿ ਇਹਨਾਂ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇ।
ਅੱਜ ਦੇ ਵਫ਼ਦ ਦੀ ਪ੍ਰਧਾਨਗੀ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਮੰਗਾਂ ਮੁਸ਼ਕਲਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਮਲਕੀਤ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਸਰਬਪ੍ਰੀਤ ਸਿੰਘ, ਹਰਜਿੰਦਰ ਸਿੰਘ ਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।

Comments
Post a Comment