ਪਠਾਨਕੋਟ ਵਿਖੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ
ਪਠਾਨਕੋਟ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਪਠਾਨਕੋਟ ਵਲੋਂ ਅੱਜ ਸੂਬਾ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਸਹਿਕਾਰਤਾ ਤਹਿਤ ਪੰਜਾਬ ਵਿੱਚ ਕੋਆਪਰੇਟਿਵ ਅਦਾਰਿਆਂ ਦੀ ਮਾੜੀਆਂ ਹਾਲਤਾਂ ਨੂੰ ਚੁਸਤ ਦਰੁਸਤ ਕਰਨ ਲਈ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਠਾਨਕੋਟ ਰਾਹੀਂ ਮੰਗਾਂ ਦਾ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ। ਸਹਿਕਾਰਤਾ ਕਿਸਾਨੀ ਅਤੇ ਪੇਂਡੂ ਲੋਕਾਂ ਦੀ ਰੀੜ੍ਹ ਦੀ ਹੱਡੀ ਹੈ। ਇਸ ਵਿਭਾਗ ਦੀ ਖ਼ਸਤਾ ਹਾਲਤ ਡੂੰਘੀ ਚਿੰਤਾ ਦਾ ਵਿਸ਼ਾ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸਦੀ ਦਸ਼ਾ ਸੁਧਾਰਨ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਸਹਿਕਾਰਤਾ ਵਿਭਾਗ ਵਿੱਚ ਇਸ ਵੇਲੇ ਸੱਤ ਆਈਏਐਸ ਅਧਿਕਾਰੀਆਂ ਅਤੇ ਵਡੇ ਅਫਸਰਾਂ ਦੇ ਤਾਇਨਾਤ ਹੋਣ ਦੇ ਬਾਵਜੂਦ ਕਰੋੜਾਂ ਰੁਪਏ ਦੇ ਘਪਲੇ ਹੋ ਰਹੇ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਇਨ੍ਹਾਂ ਅਦਾਰਿਆਂ ਨੂੰ ਮੁੜ ਲੀਹਾਂ ਤੇ ਲਿਆਉਣ ਅਤੇ ਲੋਕ ਪੱਖੀ ਬਣਾਉਣ ਲਈ ਯਤਨਸ਼ੀਲ ਹੈ। ਅਤੇ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਸੋਚ ਵਿਚਾਰ ਕੇ ਸਹਿਕਾਰਤਾ ਵਿਭਾਗ ਨੂੰ ਆਉਂਦੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਵੇ। ਅਫਸਰਾਂ ਦੀ ਮਿਲੀਭੁਗਤ ਨਾਲ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਭ੍ਰਿਸ਼ਟਾਚਾਰੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਜਬਤ ਕੀਤੀ ਜਾਣ। 95%ਸਹਿਕਾਰੀ ਸਭਾਵਾਂ ਡੁੱਬਣ ਕਿਨਾਰੇ ਹਨ। ਇਨ੍ਹਾਂ ਨੂੰ ਬਣਾਉਣ ਲਈ ਸਰਕਾਰੀ ਅਤੇ ਰਾਜਸੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਤਾਂ ਕਿ ਸਭਾਵਾਂ ਦੀਆਂ ਕਮੇਟੀਆਂ ਖ਼ੁਦਮੁਖਤਿਆਰੀ ਨਾਲ ਫੈਸਲੇ ਲੈਣ। ਸਭਾਵਾਂ ਨੂੰ ਖੇਤੀ ਸੰਦ ਖ਼ਰੀਦਣ ਲਈ 90%ਸਬਸਿਡੀ ਤੇ ਕਰਜ਼ੇ ਦਿੱਤੇ ਜਾਣ। ਮਜ਼ਦੂਰਾਂ ਨੂੰ ਵੀ ਮੈਂਬਰ ਬਣਾਇਆ ਜਾਵੇ। ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਬੰਦ ਪਈਆਂ ਕੋਆਪਰੇਟਿਵ ਗੰਨਾ ਮਿੱਲਾਂ ਤੁਰੰਤ ਚਲਾਈਆਂ ਜਾਣ। ਗੰਨਾ ਪੀੜਨ ਦੀ ਸਮੱਰਥਾ ਵਧਾਈ ਜਾਵੇ।
ਮਾਰਕਫੈੱਡ ਕਿਸਾਨਾਂ ਅਤੇ ਆਮ ਲੋਕਾਂ ਲਈ ਅਹਿਮ ਅਦਾਰਾ ਹੈ ਇਸ ਅਦਾਰੇ ਨੂੰ ਕਿਸਾਨੀ ਵਰਤੋਂ ਦੀਆਂ ਵਸਤਾਂ, ਖ਼ਾਦਾਂ, ਕੀੜੇ ਮਾਰਨ, ਨਦੀਨਨਾਸ਼ਕ ਦਵਾਈਆਂ ਸੰਦਾਂ ਦਾ ਸਸਤੇ ਭਾਅ ਪ੍ਰਬੰਧ ਕਰਨਾ ਚਾਹੀਦਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਉੱਕਤ ਮੰਗਾਂ ਨੂੰ ਤੁਰੰਤ ਮੰਨਕੇ ਸਹਿਕਾਰਤਾ ਵਿਭਾਗ ਨੂੰ ਬਚਾਇਆ ਜਾਏ। ਅੱਜ ਦੇ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਰਘੂਵੀਰ ਸਿੰਘ ਧਲੌਰੀਆ ਨੇ ਕੀਤੀ। ਉਪਰੋਕਤ ਤੋਂ ਇਲਾਵਾ ਜਰਨਲ ਸਕੱਤਰ ਬਲਵੰਤ ਘੋਹ, ਬਲਵੀਰ ਸਿੰਘ ਬੇਡੀ, ਸਰਦਾਰ ਰਛਪਾਲ ਸਿੰਘ, ਦਰਸ਼ਨ ਸਿੰਘ ਜਿਆਣੀ, ਬਲਕਾਰ ਚੰਦ, ਰਣਜੀਤ ਸਿੰਘ, ਸੁਖਦੇਵ ਸਿੰਘ ਆਦਿ ਆਗੂਆਂ ਵਿਚਾਰ ਰੱਖੇ।

Comments
Post a Comment