ਰਈਆ ਵਿਖੇ ਚਾਚਾ ਅਜੀਤ ਸਿੰਘ ਨੂੰ ਕੀਤਾ ਯਾਦ
ਰਈਆ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪਹਿਲੇ ਕਿਸਾਨ ਸੰਘਰਸ਼ ਦੇ ਨਾਇਕ ਚਾਚਾ ਅਜੀਤ ਸਿੰਘ ਦੀ 87ਵੀਂ ਬਰਸੀ ਮੌਕੇ ਇਕੱਠ ਕਰਕੇ ਉਨ੍ਹਾਂ ਦੀਆਂ ਆਜ਼ਾਦੀ ਸੰਗਰਾਮ ਅਤੇ ਕਿਸਾਨੀ ਸੰਘਰਸ਼ ਲਈ ਕੀਤੀਆਂ ਘਾਲਣਾਵਾਂ ਨੂੰ ਯਾਦ ਕੀਤਾ। ਇਕੱਠ ਦੀ ਪ੍ਰਧਾਨਗੀ ਸਵਿੰਦਰ ਸਿੰਘ ਖਹਿਰਾ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਸਰਵ ਸਾਥੀ ਬਲਦੇਵ ਸਿੰਘ ਸੈਦਪੁਰ, ਗੁਰਮੇਜ ਸਿੰਘ ਤਿੰਮੋਵਾਲ ਨੇ ਕਿਹਾ ਕਿ ਜਦੋਂ 15 ਅਗਸਤ 1947 ਨੂੰ ਦੇਸ਼ ਦੇ ਹਾਕਮ ਅਜਾਦੀ ਦੇ ਜਸ਼ਨ ਮਨਾ ਰਹੇ ਸਨ ਪਰ ਦੇਸ਼ ਦੀ ਵੰਡ ਕਾਰਨ ਅਤੇ ਫਿਰਕੂ ਅੱਗ ਫੈਲਾਉਣ ਕਰਕੇ ਲੱਖਾਂ ਪੰਜਾਬੀਆਂ ਦੇ ਕਤਲੇਆਮ ਹੋਇਆ ਅਤੇ ਔਰਤਾਂ ਦੀ ਬੇਪਤੀ ਹੋਈ। ਇਸੇ ਦਿਨ ਹੀ ਸ਼ਹੀਦ ਏ ਆਜਮ ਸ੍ਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੀ ਲੰਮੀ ਜਲਾਵਤਨੀ ਕੱਟਣ ਤੋਂ ਬਾਅਦ ਫੌਤ ਹੋ ਗਏ। ਚਾਚਾ ਅਜੀਤ ਸਿੰਘ ਨੇ 1907 ਵਿੱਚ ਕਿਸਾਨਾਂ ਵਿਰੁੱਧ ਬਣਾਏ ਕਾਨੂੰਨਾਂ ਖਿਲਾਫ ਸੰਘਰਸ਼ ਸ਼ੁਰੂ ਕੀਤਾ ਜੋ 9 ਮਹੀਨੇ ਲਗਾਤਾਰ ਚੱਲਿਆ ਅਤੇ ਜਿੱਤ ਪ੍ਰਾਪਤ ਕੀਤੀ ਇਸੇ ਕਾਰਨ ਹੀ ਬ੍ਰਿਟਿਸ਼ ਸਰਕਾਰ ਵੱਲੋਂ ਉਨ੍ਹਾਂ ਨੂੰ ਜਲਾਵਤਨ ਕਰ ਦਿੱਤਾ ਗਿਆ ਅਤੇ ਉਹ 38 ਸਾਲ ਜਲਾਵਤਨ ਰਹੇ। ਇਸੇ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਲੜਿਆ ਅਤੇ ਕਾਨੂੰਨ ਰੱਦ ਕਰਵਾਏ। ਆਗੂਆਂ ਨੇ ਕਿਹਾ ਜਮਹੂਰੀ ਕਿਸਾਨ ਸਭਾ ਪੰਜਾਬ ਉਨ੍ਹਾਂ ਦੇ ਨਾਅਰੇ ਪੱਗੜੀ ਸੰਭਾਲ ਜੱਟਾ ਨੂੰ ਘਰ ਘਰ ਪਹੁੰਚਾ ਕੇ ਵੱਡੀ ਕਿਸਾਨ ਲਹਿਰ ਉਸਾਰ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰੇਗੀ।
ਇਸ ਮੌਕੇ ਨਿਰਮਲ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ, ਕੇਵਲ ਸਿੰਘ ਸੱਤੋਵਾਲ ਸੱਜਣ ਸਿੰਘ ਤਿੰਮੋਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।

Comments
Post a Comment