ਚਾਚਾ ਅਜੀਤ ਸਿੰਘ ਦੀ ਬਰਸੀ ਕੌਮੀ ਪੱਧਰ ’ਤੇ ਮਨਾਉਣ ਦੀ ਮੰਗ
ਅਜਨਾਲਾ: ਉੱਘੇ ਦੇਸ਼ ਭਗਤ ਤੇ ਇਕਨਲਾਬੀ ਕਿਸਾਨ ਯੋਧੇ ਚਾਚਾ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ) ਦੀ 77ਵੀਂ ਬਰਸੀ ਜਮੂਹਰੀ ਕਿਸਾਨ ਸਭਾ ਦੇ ਕੌਮੀ ਸੱਦੇ ’ਤੇ ਅੱਜ ਇਨਕਲਾਬੀ ਭਾਵਨਾ ਨਾਲ ਮਨਾਈ ਗਈ। ਜਿਸ ਵਿੱਚ ਵੱਡੀ ਗਿਣਤੀ ’ਚ ਸਾਰੀਆਂ ਧਿਰਾਂ ਕਿਸਾਨ, ਮਜ਼ਦੂਰ, ਔਰਤਾਂ ਤੇ ਹੋਰ ਕਾਰੋਬਾਰੀ ਲੋਕ ਸ਼ਾਮਿਲ ਹੋਏ। ਇਸ ਜੋਸ਼ ਭਰੇ ਸਮਾਗਮ ਦੀ ਅਗਵਾਈ ਦੇਸ਼ ਭਗਤ ਗੁਰਨਾਮ ਸਿੰਘ ਦਾਲਮ, ਬੀਬੀ ਅਜੀਤ ਕੌਰ ਕੋਟਰਜਾਦਾ ਆਗੂ ਔਰਤ ਮੁਕਤੀ ਮੋਰਚਾ, ਕਿਸਾਨ ਸਭਾ ਦੇ ਪ੍ਰਮੁਖ ਆਗੂ ਦੇਸਾ ਸਿੰਘ ਭਿੰਡੀ ਔਲਖ, ਸ਼ਹੀਦ ਭਗਤ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਦਿਹਾਤੀ ਮਜ਼ਦੂਰ ਸਭਾ ਦੇ ਰਜਿੰਦਰ ਸਿੰਘ ਭਲਾ ਪਿੰਡ ਨੇ ਕੀਤੀ। ਸਮਾਗਮ ਵਿੱਚ ਚਾਚਾ ਅਜੀਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ, ਇਨਕਲਾਬ ਜ਼ਿੰਦਾਬਾਦ ਤੇ ਚਾਚਾ ਅਜੀਤ ਸਿੰਘ ਅਮਰ ਰਹੇ ਦੇ ਅਕਾਸ਼ ਗੰਜਾਂਉ ਨਾਅਰੇ ਲਗਾਤਾਰ ਲੱਗਦੇ ਰਹੇ।
ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਨੇ ਚਾਚਾ ਅਜੀਤ ਸਿੰਘ ਦੇ ਜੀਵਨੀ ਬਾਰੇ ਵਿਸੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਗਰੇਜਾਂ ਨੇ 1907 ਵਿੱਚ ਮੋਦੀ ਸਰਕਾਰ ਦੀ ਤਰ੍ਹਾਂ ਜ਼ਮੀਨਾਂ ਹਥਿਆਉਣ ਵਾਲੇ ਤਿੰਨ ਕਾਲੇ ਕਨੂੰਨ ਲਾਗੂ ਕੀਤੇ ਸਨ, ਜਿਸ ਵਿਰੁੱਧ ਚਾਚਾ ਅਜੀਤ ਸਿੰਘ, ਲਾਲਾ ਲਾਜਪਤ ਰਾਏ ਤੇ ਬਾਲ ਗੰਗਾਧਰ ਤਿਲਕ ਆਦਿ ਆਗੂਆਂ ਦੀ ਅਗਵਾਈ ’ਚ ਇਹਨਾਂ ਕਨੂੰਨਾਂ ਵਿਰੁੱਧ ਲਗਾਤਾਰ 8-9 ਮਹੀਨੇ ਲੜਾਈ ਲੜਦਿਆਂ ਸਮੂਹ ਭਾਰਤ ਵਿੱਚ ਰੈਲੀਆਂ, ਜਲਸੇ, ਮੁਜਹਾਰੇ ਹੋਏ।
ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਇਹ ਅੰਦੋਲਨ ਇੱਕ ਤਰ੍ਹਾਂ ਨਾਲ ਅੰਗਰੇਜ਼ਾਂ ਵਿਰੁੱਧ ਅਜ਼ਾਦੀ ਦੀ ਲੜਾਈ ਦਾ ਰੂਪ ਧਾਰਨ ਕਰ ਗਿਆ ਸੀ। ਕਿਸਾਨ ਆਗੂ ਅਜਨਾਲਾ ਨੇ ਅੱਗੇ ਕਿਹਾ ਕਿ ਸਤੰਬਰ 1907 ਵਿੱਚ ਰਾਵਲਪਿੰਡੀ ’ਚ ਅਜਿਹੇ ਕਾਲੇ ਕਨੂੰਨ ਰੱਦ ਕਰਾਉਣ ਲਈ ਬਹੁਤ ਵੱਡੀ ਜਨ ਸਭਾ ਹੋਈ ਜਿਸ ਵਿੱਚ ਹਜ਼ਾਰਾਂ ਕਿਸਾਨ ਤੇ ਆਮ ਲੋਕ ਸ਼ਾਮਿਲ ਹੋਏ, ਉੱਥੇ ਜਦ ਸਟੇਜ ਤੋਂ ਪੱਗੜੀ ਸੰਭਾਲ ਜੱਟਾਂ, ਪੱਗੜੀ ਸੰਭਾਲ ਓਏ; ਲੁੱਟ ਲਿਆ ਮਾਲ ਤੇਰਾ ਲੁੱਟ ਮਾਲ ਓਏ। ਜਦ ਇਹ ਗੀਤ ਗਾਇਆ ਗਿਆ ਤਾਂ ਅੰਗਰੇਜਾਂ ਵਿਰੁੱਧ ਰੋਹ ਦੀ ਲਹਿਰ ਦੌੜ ਗਈ, ਇਹ ਦੇਖਦਿਆਂ ਭੈਭੀਤ ਹੋਏ ਅੰਗਰੇਜ਼ਾਂ ਨੇ ਕਨੂੰਨ ਰੱਦ ਕਰ ਦਿੱਤੇ ਪ੍ਰੰਤੂ ਚਾਚਾ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਵਿਰੁੱਧ ਦੇਸ਼ ਧਰੋਹ ਦਾ ਇਲਜ਼ਾਮ ਲਗਾ ਕੇ ਦੇਸ਼ ਨਿਕਾਲਾ ਦੇ ਦਿੱਤਾ।
ਬੁਲਾਰਿਆਂ ਨੇ ਚਾਚਾ ਅਜੀਤ ਸਿੰਘ ਦੀ ਵਿਲੱਖਣ ਕੁਰਬਾਨੀ ਬਾਰੇ ਅੱਗੇ ਚਾਨਣਾ ਪਾਉਂਦਿਆ ਦੱਸਿਆ ਕਿ ਕਿ ਉਹ 38 ਸਾਲ ਜਲਾਵਤਨ ਰਹਿ ਕੇ 7 ਮਾਰਚ 1947 ਨੂੰ ਵਤਨ ਪਰਤੇ, ਉਸ ਵਕਤ ਉਹ ਡਾਢੇ ਬਿਮਾਰ ਸਨ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਡਲਹੌਜੀ ਰਹਿਣ ਲੱਗ ਪਏ, ਜਿੱਥੇ ਉਹਨਾਂ ਜਦ 14-15 ਅਗਸਤ ਦੀ ਰਾਤ ਨੂੰ ਅਜ਼ਾਦੀ ਦਾ ਐਲਾਨ ਸੁਣਿਆ ਤਾਂ ਉਹ ਖੁਸ਼ੀ ’ਚ ਝੂਮ ਉੱਠੇ ਅਤੇ ਨਾਲ ਹੀ ਦੱਸ ਲੱਖ ਜਿਹੜੇ ਲੋਕ ਮਾਰੇ ਗਏ। ਉਹਨਾਂ ਦਾ ਸਦਮਾ ਨਾ ਸਹਾਰਦੇ ਹੋਏ ਆਪਣੇ 15 ਅਗਸਤ ਨੂੰ ਤੜਕੇ ਪਰਾਣਾ ਦੀ ਅਦੁੱਤੀ ਦੇ ਗਏ।
ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਚਾ ਅਜੀਤ ਸਿੰਘ ਤੋਂ ਪ੍ਰੇਰਣਾ ਲੈਦੇ ਹੋਏ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਨੂੰ ਅਮਲੀ ਜਾਮਾਂ ਪਹੁੰਚਾਉਣ ਦਾ ਸੱਦਾ ਦਿੱਤਾ।
ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕੇਂਦਰ ਸਰਕਾਰ ਚਾਚਾ ਅਜੀਤ ਸਿੰਘ ਦੀ ਬਰਸੀ ਕੌਮੀ ਪੱਧਰ ’ਤੇ ਮਨਾਉਣ ਦਾ ਐਲਾਨ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੌਜਵਾਨ ਆਗੂ ਸਤਵਿੰਦਰ ਸਿੰਘ ਓਠੀਆਂ, ਪ੍ਰੋ ਮਾਲਕ ਸਿੰਘ ਗੁਰਾਲਾ, ਫੌਜੀ ਜਸਪਿੰਦਰ ਸਿੰਘ ਭੋਏਵਾਲੀ, ਸੁਰਜੀਤ ਸਿੰਘ ਭੂਰੇ ਗਿੱਲ, ਰੇਸ਼ਮ ਸਿੰਘ ਅਜਨਾਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਓਕਾਰ ਸਿੰਘ ਭਿੰਡੀ ਔਲਖ, ਜੰਗ ਬਹਾਦਰ ਮਟੀਆ, ਜਗਪ੍ਰੀਤ ਸਿੰਘ ਜੌਂਸ -ਮੁਹਾਰ, ਧਰਮ ਸਿੰਘ ਹਰੜ ਖੁਰਦ, ਅਮਰਜੀਤ ਸਿੰਘ ਭਿੰਡੀ ਸੈਦਾਂ ਆਦਿ ਨੇ ਵੀ ਚਾਚਾ ਅਜੀਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ।

Comments
Post a Comment