ਅਧਿਕਾਰੀ ਵਲੋਂ ਯਕੀਨ ਦਵਾਉਣ ’ਤੇ ਧਰਨਾ ਸਮਾਪਤ
ਰਈਆ: ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੈਂਕੜੇ ਕਾਰਕੁੰਨਾਂ ਵੱਲੋਂ ਬਿਜਲੀ ਵਿਭਾਗ ਦੀ ਬੁਟਾਰੀ ਸਥਿੱਤ ਸਬ ਡਵੀਜ਼ਨ ਬੁਟਾਰੀ ਦੇ ਐੱਸਡੀਓ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਸਵਿੰਦਰ ਸਿੰਘ ਖਹਿਰਾ ਅਤੇ ਪਲਵਿੰਦਰ ਸਿੰਘ ਮਹਿਸਮਪੁਰ ਨੇ ਕੀਤੀ।
ਧਰਨਾਕਾਰੀ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕਰ ਰਹੇ ਸਨ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ ਨੇ ਦੱਸਿਆ ਕਿ ਬਦਲਾਵ ਦੇ ਨਾਮ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਪਹਿਲੀਆਂ ਸਰਕਾਰਾਂ ਵਾਂਗ ਹੀ ਹਰ ਮਹਿਕਮੇ ਦੇ ਕੰਮਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਦੇ ਹਨ। ਪਿਛਲੇ ਦਿਨੀਂ ਜਥੇਬੰਦੀਆਂ ਦੇ ਵਫ਼ਦ ਵੱਲੋਂ ਲੋਕਾਂ ਦੇ ਬਿਜਲੀ ਵਿਭਾਗ ਨਾਲ ਸਬੰਧਿਤ ਮਸਲਿਆਂ ਲਈ ਐੱਸਡੀਓ ਬੁਟਾਰੀ ਨਾਲ ਮੁਲਾਕਾਤ ਕੀਤੀ ਤਾਂ ਉਕਤ ਅਧਿਕਾਰੀ ਨੇ ਕੰਮ ਕਰਨ ਦੀ ਥਾਂ ਬਿਜਲੀ ਮੰਤਰੀ ਦੀ ਪਤਨੀ ਕੋਲੋਂ ਦਰਖਾਸਤ ਮਾਰਕ ਕਰਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ, ਜਿਸ ਨੂੰ ਵਫ਼ਦ ਦੇ ਆਗੂਆਂ ਨੇ ਮੁੱਢੋਂ ਰੱਦ ਕਰ ਦਿੱਤਾ ਅਤੇ ਕੰਮ ਨਾ ਕਰਨ ਦੀ ਸੂਰਤ ਵਿੱਚ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਵੀ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਕੀਤਾ ਗਿਆ। ਧਰਨੇ ਦੌਰਾਨ ਐੱਸਡੀਓ ਬੁਟਾਰੀ ਵੱਲੋਂ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਹਰਪ੍ਰੀਤ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਹਰਭਜਨ ਸਿੰਘ ਫੇਰੂਮਾਨ, ਅਵਤਾਰ ਸਿੰਘ ਬੁਟਾਰੀ, ਰਸ਼ਪਾਲ ਸਿੰਘ ਬੁਟਾਰੀ, ਹਰਨੇਕ ਸਿੰਘ ਸੋਨੂੰ, ਸਰਪੰਚ ਨਰਿੰਦਰ ਸਿੰਘ ਦਾਊਦ, ਕੇਵਲ ਸਿੰਘ ਸੱਤੋਵਾਲ, ਮੰਗਲ ਸਿੰਘ ਟੌਂਗ, ਵਿਜੈਪਾਲ ਦਾਊਦ, ਸੁਰਜੀਤ ਸਿੰਘ ਤਲਵੰਡੀ, ਅਮਰਜੀਤ ਸਿੰਘ ਚੌਹਾਨ, ਪਰਵਿੰਦਰ ਸਿੰਘ ਬੱਲ, ਅਮਰਜੀਤ ਸਿੰਘ ਛੱਜਲਵੱਡੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Comments
Post a Comment