ਅਜਨਾਲਾ ਵਿਖੇ ਕਾਰਪੋਰੇਟੋ ਭਰਤ ਛੱਡੋ ਤਹਿਤ ਮਾਰਚ ਕੀਤਾ
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ 1942 ਵਿੱਚ ਅੰਗਰੇਜ਼ੋ ਭਾਰਤ ਛੱਡੋ ਦੇ ਦਿਹਾੜੇ ਨੂੰ ‘ਕਾਰਪੋਰੇਟੋ ਭਾਰਤ ਛੱਡੋ’ ਦਿਵਸ ਵਜੋਂ ਮਨਾਇਆ ਗਿਆ। ਜਿਸ ਵਿੱਚ ਇਲਾਕੇ ਭਰ ’ਚੋਂ ਜਮੂਹਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨ ਕਾਰਕੁਨ ਆਪਣੇ ਆਪਣੇ ਝੰਡੇ ਲੈ ਕੇ ਸ਼ਾਮਲ ਹੋਏ ਅਤੇ ਕਾਰਪੋਰੇਟੋ ਭਾਰਤ ਛੱਡੋ ਦੇ ਬੁਲੰਦ ਨਾਅਰੇ ਲਾਉਦਿਆਂ ਅਜਨਾਲੇ ਦੇ ਬਜ਼ਾਰਾਂ ਵਿੱਚ ਰੋਹ ਭਰਿਆ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਨਾਅਰੇ ਲਾਉਦੇ ਬਜ਼ਾਰਾਂ ਵਿੱਚੋਂ ਲੰਘਦੇ ਹੋਏ ਅਜਨਾਲੇ ਥਾਣੇ ਦੇ ਸਾਹਮਣੇ ਇਕੱਠੇ ਹੋਏ, ਜਿੱਥੇ ਪੁਲਿਸ ਪ੍ਰਸਾਸਨ ਦੀਆਂ ਵਧੀਕੀਆਂ ਵਿਰੁਧ ਵੀ ਜੰਮਕੇ ਨਾਅਰੇਬਾਜੀ ਕੀਤੀ ਗਈ।
ਬਜ਼ਾਰਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਜਥੇਬੰਦੀਆਂ ਵਲੋਂ ਇੱਕ ਇਕੱਠ ਕੀਤਾ ਜਿਸ ਨੂੰ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ; ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਧਨਵੰਤ ਸਿੰਘ ਖਤਰਾਏਕਲਾ ਤੇ ਸੁੱਚਾ ਸਿੰਘ ਤੇੜਾ; ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਸੀਨੀਅਰ ਆਗੂ ਅਵਤਾਰ ਸਿੰਘ ਜੱਸੜ ਤੇ ਸੁਖਦੇਵ ਸਿੰਘ ਸੈਂਸਰਾਂ ਅਤੇ ਸ਼ਹੀਦ ਭਗਤ ਨੌਜਵਾਨ ਸਭਾ ਦੇ ਸੂਬਾਈ ਆਗੂ ਸਤਵਿੰਦਰ ਸਿੰਘ ਓਠੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਹਰ ਖੇਤਰ ਵਿੱਚ ਕਾਰਪੋਰੇਟ ਦਾ ਬੋਲਬਾਲਾ ਹੈ ਅਤੇ ਮੋਦੀ ਦੀ ਸਰਕਾਰ ਵੱਲੋਂ ਹਰ ਸਾਲ ਕਾਰਪੋਰੇਟੀਆਂ ਅਡਾਨੀ, ਅਬਾਨੀ, ਬਿਰਲਾ, ਟਾਟਾ ਆਦਿ ਨੂੰ ਪੌਣੇ ਤਿੰਨ ਲੱਖ ਕਰੋੜ ਦੇ ਟੈਕਸ ਮੁਆਫ਼ ਕੀਤੇ ਗਏ ਹਨ। ਇਸੇ ਤਰ੍ਹਾਂ ਉਹਨਾਂ ਦੇ ਲੱਗਣ ਵਾਲੇ ਟੈਕਸ ਵੀ ਘਟਾਏ ਜਾ ਰਹੇ ਹਨ ਅਤੇ ਹੋਰ ਕਈ ਪ੍ਰਕਾਰ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਉਕਤ ਆਗੂਆਂ ਨੇ ਅੱਗੇ ਦੱਸਿਆ ਕਿ ਮੋਦੀ ਸਰਕਾਰ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ, ਇਸ ਸਬੰਧ ਵਿੱਚ ਖੁਲੀ ਮੰਡੀ ਦੀ ਯੋਜਨਾ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਅਜਿਹਾ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਖੇਤੀ ਛੇਤੀ ਤਬਾਹ ਹੋ ਜਾਵੇਗੀ। ਇਸ ਸਮੇਂ ਇਹ ਜ਼ੋਰਦਾਰ ਮੰਗ ਵੀ ਉਠਾਈ ਗਈ ਕਿ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਦੇ ਭਲੇ ਲਈ ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕੱਢੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਕਿਆਮਪੁਰ, ਹਰਪਾਲ ਸਿੰਘ ਛੀਨਾਂ, ਬਲਕਾਰ ਸਿੰਘ ਗੁੱਲਗੜ, ਮੇਜਰ ਸਿੰਘ ਜੌਹਲ, ਰਣਜੀਤ ਸਿੰਘ ਮੁਹਾਰ, ਗੁਰਨਾਮ ਸਿੰਘ ਉਮਰਪੁਰਾ, ਦਿਲਬਾਗ ਸਿੰਘ ਮਾਕੋਵਾਲ, ਵਿਜੇ ਸਾਂਹ ਧਾਰੀਵਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਸੁਰਜੀਤ ਸਿੰਘ ਭੂਰੇਗਿੱਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Comments
Post a Comment