ਸਹਿਕਾਰੀ ਅਦਾਰਿਆਂ ਨੂੰ ਬਚਾਉਣ ਲਈ ਜਮਹੂਰੀ ਕਿਸਾਨ ਸਭਾ ਨੇ ਲੁਧਿਆਣਾ ‘ਚ ਲਗਾਇਆ ਧਰਨਾ
ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਸਹਿਕਾਰਤਾ ਵਿਭਾਗ ਜੋ ਕਿ ਕਿਸਾਨਾਂ, ਪੇਂਡੂ ਲੋਕਾਂ ਦੇ ਵਿਕਾਸ ਲਈ ਰੀੜ ਦੀ ਹੱਡੀ ਹੈ, ਨੂੰ ਬਚਾਉਣ ਲਈ ਸਾਰੇ ਪੰਜਾਬ ਦੇ ਜ਼ਿਲ੍ਹਿਆਂ/ ਤਹਿਸੀਲਾਂ ਦੇ ਮੁਖੀਆਂ ਦੇ ਦਫ਼ਤਰਾਂ ਅੱਗੇ ਧਰਨੇ ਲਗਾ ਕੇ ਮੰਗ ਪੱਤਰ ਦਿੱਤੇ ਗਏ। ਇਸੇ ਕੜੀ ਤਹਿਤ ਜਿਲ੍ਹਾ ਲੁਧਿਆਣਾ ਦੇ ਡੀ ਆਰ ਗੁਰਜੋਤ ਸਿੰਘ ਦੇ ਦਫਤਰ ਅੱਗੇ ਕਿਰਪਾਲ ਸਿੰਘ ਕੋਟਮਾਨਾ, ਡਾ. ਅਜੀਤ ਰਾਮ ਸ਼ਰਮਾ ਝਾਡੇ ਅਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਅਗਵਾਈ ਵਿੱਚ ਧਰਨਾ ਲਗਾ ਕੇ ਸੁਪਰਡੈਂਟ ਗੁਰਦੀਪ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਆਖਿਆ ਕਿ ਸੂਬਾ ਤੇ ਕੇਂਦਰ ਸਰਕਾਰ ਸਹਿਕਾਰੀ ਪ੍ਰਬੰਧ ਤੋੜ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨਾ ਚਾਹੁੰਦੀ ਹੈ। ਜਿਸ ਨਾਲ ਪਹਿਲਾਂ ਤੋਂ ਘਾਟੇ ਵਿੱਚ ਚੱਲ ਰਹੇ ਖੇਤੀ ਦਾ ਧੰਦਾ ਬਿਲਕੁਲ ਹੀ ਤਬਾਹ ਹੋ ਜਾਵੇਗਾ। ਉਹਨਾਂ ਕਿਹਾ ਕਿ ਜਿੱਥੇ ਸਹਿਕਾਰੀ ਪ੍ਰਬੰਧ ਖਤਮ ਹੋਣ ਨਾਲ ਬੇਰੁਜਗਾਰੀ ਵਧੇਗੀ ਉਥੇ ਮਹਿੰਗਾਈ ਵੀ ਬੇਕਾਬੂ ਹੋ ਜਾਵੇਗੀ। ਉਹਨਾਂ ਕਿਹਾ ਕਿ ਸਹਿਕਾਰੀ ਪ੍ਰਬੰਧ ਨੂੰ ਬਚਾਉਣ ਲਈ ਭ੍ਰਿਸ਼ਟ ਅਫਸਰ ਸ਼ਾਹੀ ਨੂੰ ਨੱਥ ਪਾਉਣ ਦੀ ਲੋੜ ਹੈ।
ਇਸ ਮੌਕੇ ਤੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਬੀਜ, ਦਵਾਈਆਂ, ਖਾਦਾਂ ਤੇ ਖੇਤੀਬਾੜੀ ਦੇ ਸੰਦਾਂ ਦਾ ਪ੍ਰਬੰਧ ਕਰ ਕੇ ਦਿੱਤੀ। ਪਰ ਸਰਕਾਰ ਨੇ ਇਹਨਾਂ ਅਦਾਰਿਆਂ ਨੂੰ ਅੱਖੋ ਪ੍ਰੋਖੇ ਕੀਤਾ ਹੋਇਆ ਹੈ। ਜਿਸ ਕਾਰਨ ਕਿਸਾਨ ਤੇ ਪੇਂਡੂ ਲੋਕ ਕਾਰਪੋਰੇਟਾ ਦੀ ਦੂਹਰੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਡੇਅਰੀ ਤੇ ਖੇਤੀ ਲਈ ਵਿਆਜ ਮੁਕਤ ਕਰਜ਼ੇ ਦਿੱਤੇ ਜਾਣ। ਸਹਿਕਾਰੀ ਮਹਿਕਮੇ ਦੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਸਹਿਕਾਰੀ ਪ੍ਰਬੰਧ ਦੇ ਵਿਕਾਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਹੋਰਨਾ ਤੋ ਇਲਾਵਾ ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਮਲਕੀਤ ਸਿੰਘ ਗਰੇਵਾਲ, ਰਘਵੀਰ ਸਿੰਘ ਆਸੀ ਕਲਾਂ, ਮੋਹਣਜੀਤ ਸਿੰਘ, ਅਮਰਜੀਤ ਸਿੰਘ ਸਹਿਜਾਦ, ਨਛੱਤਰ ਸਿੰਘ, ਕੁਲਵੰਤ ਸਿੰਘ ਮੋਹੀ, ਪ੍ਰਦੀਪ ਸਿੰਘ ਮਾਂਗਟ ਮੋਹੀ, ਪਰਮਜੀਤ ਸਿੰਘ ਪੀਜਵਾਲੇ ਮੋਹੀ, ਚਮਕੌਰ ਸਿੰਘ ਛਪਾਰ, ਤਰਲੋਚਨ ਸਿੰਘ ਛਪਾਰ, ਕੁਲਦੀਪ ਸਿੰਘ ਗਰੇਵਾਲ, ਜਸਵੰਤ ਸਿੰਘ ਟੂਸੇ, ਡੋਗਰ ਸਿੰਘ ਟੂਸੇ, ਦੀਵਾਨ ਸਿੰਘ ਕੋਟਉਮਰਾ, ਸ਼ਵਿੰਦਰ ਸਿੰਘ ਤਲਵੰਡੀ ਰਾਏ ਹਾਜ਼ਰ ਸਨ।

Comments
Post a Comment