ਵਰਦੇ ਮੀਂਹ ‘ਚ ਥਾਣਾ ਸਿਧਵਾ ਬੇਟ ਅੱਗੇ ਜਨਤਕ ਜਥੇਬੰਦੀਆਂ ਵੱਲੋਂ ਲਗਾਇਆ ਧਰਨਾ
ਸਿਧਵਾ ਬੇਟ: ਪਿਛਲੇ ਦਿਨੀ ਪਿੰਡ ਗੋਰਸੀਆ ਕਾਦਰ ਬਖ਼ਸ਼ ਦੇ ਸਰਪੰਚ ਸਮੇਤ ਪੰਜ ਛੇ ਵਿਅਕਤੀਆਂ ਵੱਲੋਂ ਪਿੰਡ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦੇ ਅੰਦਰ ਕਲਾਸ ਰੂਮ ‘ਚ ਦਾਖਲ ਹੋ ਕੇ ਕਥਿਤ ਤੌਰ ’ਤੇ ਵਿਦਿਆਰਥੀਆਂ ਦੀ ਕੁੱਟ ਮਾਰ ਕਰਨ ਸਬੰਧੀ ਕਾਰਵਾਈ ਦੀ ਮੰਗ ਨੂੰ ਲੈਕੇ ਜਨਤਕ ਜਥੇਬੰਦੀਆਂ ਵਲੋਂ ਵਰਦੇ ਮੀਂਹ ਵਿੱਚ ਥਾਣਾ ਸਿਧਵਾ ਬੇਟ ਦੇ ਥਾਣੇ ਅੱਗੇ ਧਰਨਾ ਲਗਾਇਆ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸਰਪੰਚ ਸਮੇਤ ਸਾਰੇ ਕੁੱਟ ਮਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਜਾਤੀ ਸੂਚਕ ਸ਼ਬਦ ਬੋਲਣ ਵਾਲੇ ਵਾਲਿਆਂ ’ਤੇ ਐੱਸਸੀ ਐਕਟ ਲਗਾਇਆ ਜਾਵੇ। ਸਰਪੰਚ ਅਤੇ ਉਸ ਦੇ ਸਾਥੀਆਂ ਵਲੋਂ ਝੂਠੀ ਸ਼ਿਕਾਇਤ ’ਤੇ ਦਰਜ ਕੀਤੇ ਪਰਚੇ ਨੂੰ ਰੱਦ ਕੀਤਾ ਜਾਵੇ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਟਾ, ਬਲਜੀਤ ਸਿੰਘ ਗੋਰਸੀਆ ਨੇ ਆਖਿਆ ਕਿ ਜੇ ਪ੍ਰਸ਼ਾਸਨ ਨੇ ਧਰਨਾਕਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਸੀਆਈਟੀਯੂ ਦੇ ਆਗੂ ਅਮਰ ਨਾਥ ਕੂੰਮਕਲਾਂ ਨੇ ਆਖਿਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਜਿਸ ਕਾਰਨ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉਠ ਰਿਹਾ ਹੈ। ਉਹਨਾਂ ਸਰਕਾਰ ਨੂੰ ਅਮਨ ਕਨੂੰਨ ਦੀ ਸਥਿਤੀ ਸਥਿਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਪੁੱਜੇ ਡੀਐੱਸਪੀ ਜਗਰਾਉਂ ਵਲੋਂ ਧਰਨਾਕਾਰੀਆਂ ਦੀ ਗੱਲ ਸੁਣਨ ਉਪਰੰਤ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਇਸ ਧਰਨੇ ਦੀ ਸਮਾਪਤੀ ਕੀਤੀ ਗਈ।
ਇਸ ਮੌਕੇ ਹੋਰਨਾ ਤੋ ਇਲਾਵਾ ਹਰਨੇਕ ਸਿੰਘ ਗੁੱਜਰਵਾਲ, ਮੇਜਰ ਸਿੰਘ ਖੁਰਲਾਪੁੱਰ, ਹੁਕਮ ਰਾਜ ਦੇਹੜਕਾ, ਅਮਰਜੀਤ ਸਿੰਘ ਸਹਿਜਾਦ, ਦਿਵਾਨ ਸਿੰਘ ਕੋਟਉਮਰਾ, ਗੁਰਮੀਤ ਸਿੰਘ ਮੀਤਾ, ਨਿਰਮਲ ਸਿੰਘ ਧਾਲੀਵਾਲ, ਨਿਰਮਲ ਸਿੰਘ ਨਿੰਮਾ, ਸੁਖਦੇਵ ਸਿੰਘ ਮੰਗੀ ਆਦਿ ਹਾਜ਼ਰ ਸਨ।

Comments
Post a Comment