ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮੀਟਿੰਗ ’ਚ ‘ਕਾਰਪੋਰੇਟੋ ਭਾਰਤ ਛੱਡੋ’ ਦਾ ਹੋਕਾ ਦਿੱਤਾ
ਕੂੰਮਕਲਾਂ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਸਤਲੁਜ ਦਰਿਆ ਦੇ ਨੇੜੇ ਪੈਂਦੇ ਪਿੰਡ ਚੌਤਾ ਵਿੱਚ ਦਲਵੀਰ ਸਿੰਘ ਪਾਗਲੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ‘ਕਾਰਪੋਰੇਟੋ ਭਾਰਤ ਛੱਡੋ’ ਦਾ ਹੋਕਾ ਦਿੱਤਾ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜਗਤਾਰ ਸਿੰਘ ਚਕੌਹੀ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟਾਂ ਦੇ ਪੱਖ ਦੀਆਂ ਨੀਤੀ ਲਾਗੂ ਕਰਕੇ ਦੇਸ਼ ਦਾ ਸਰਮਾਇਆ ਅਡਾਨੀਆ ਅੰਬਾਨੀਆ ਨੂੰ ਲੁੱਟਾ ਦੇਣਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਦੇਸ਼ ਦੇ ਕਿਰਤੀ ਕਿਸਾਨ ਮੋਦੀ ਸਰਕਾਰ ਤੇ ਕਾਰਪੋਰੇਟਾਂ ਨੂੰ ਆਪਣੇ ਮਾੜੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਕਿਰਤੀ ਕਿਸਾਨ ਮਿਲਕੇ ਲੋਕ ਪੱਖੀ ਨੀਤੀ ਲਾਗੂ ਕਰਵਾਉਣ ਅਤੇ ਕਾਰਪੋਰੇਟਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਲਈ ਜਨਤਕ ਲਾਮਬੰਦੀ ਕਰਨਗੇ।
ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਅਤੇ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਕਾਰਪੋਰੇਟਾਂ ਦੇ ਦਬਾਅ ਅਧੀਨ ਕਿਰਤੀ ਕਿਸਾਨਾਂ ਦੇ ਹੱਕੀ ਅੰਦੋਲਨਾਂ ਦਬਾਉਣ ਲਈ ਲਾਗੂ ਕੀਤੇ ਜਾ ਰਹੇ ਤਿੰਨ ਕਾਨੂੰਨ ਜੋ ਪੁਲਿਸ ਨੂੰ ਬੇਅਥਾਹ ਸ਼ਕਤੀਆਂ ਦਿੰਦੇ ਹਨ, ਨੂੰ ਰੱਦ ਕਰਵਾਉਣ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਲਦੀ ਹੀ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕੂੰਮਕਲਾਂ ਇਲਾਕੇ ਵਿੱਚ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਦੀ ਤਿਆਰੀ ਲਈ ਅੱਜ ਤੋਂ ਹੀ ਲਾਮਬੰਦੀ ਆਰੰਭ ਦਿੱਤੀ ਜਾਵੇਗੀ।
ਇਸ ਮੌਕੇ ਇੱਕਤਰ ਹੋਏ ਕਿਸਾਨਾਂ ਨੇ ਕਾਰਪੋਰੇਟਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੀਟਿੰਗ ’ਚ ਹੋਰਨਾ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟੂ ਮਿਆਣੀ, ਸਰਪੰਚ ਗੁਰਚਰਨ ਸਿੰਘ ਝੁੱਗੀਆਂ ਬੇਗਾ, ਬਲਵਿੰਦਰ ਸਿੰਘ ਚੌਤਾ, ਪਰਮਜੀਤ ਸਿੰਘ ਮਾਛੀਵਾੜਾ, ਹਰਜਿੰਦਰ ਸਿੰਘ ਸੋਨੀ ਰਾਨਗੜ੍ਹ, ਧੰਨਾ ਸਿੰਘ ਪ੍ਰਤਾਪਗੜ੍ਹ, ਨੰਦ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਪ੍ਰਤਾਪਗੜ੍ਹ ਹਾਜ਼ਰ ਸਨ।

Comments
Post a Comment