ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਨੀਤੀਆਂ ਲਾਗੂ ਨਹੀਂ ਕਰਨ ਦਿਆਂਗੇ: ਕੁਲਵੰਤ ਸੰਧੂ
ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਕਮੇਟੀ ਲੁਧਿਆਣਾ ਦੀ ਮੀਟਿੰਗ ਅੱਜ ਸਭਾ ਦੇ ਕਿਲ੍ਹਾ ਰਾਏਪੁਰ ਦਫਤਰ ਵਿੱਚ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਕੇਂਦਰ ਸਰਕਾਰ ਕਾਰਪੋਰੇਟਾ ਦੇ ਦਬਾਅ ਅਧੀਨ ਕਿਸਾਨ ਵਿਰੋਧੀ ਨੀਤੀਆਂ ਨੂੰ ਲਾਗੂ ਕਰਕੇ ਕਿਸਾਨਾਂ ਤੇ ਆਮ ਲੋਕਾਂ ਦੀ ਲੁੱਟ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿਰਤੀ ਤੇ ਕਿਸਾਨ ਮਿਲ ਕੇ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਪਹਿਲਾਂ ਵੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਇੱਕ ਵੱਡੇ ਅੰਦੋਲਨ ਰਾਹੀਂ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਜੋ ਕਿ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਜਿੱਤ ਸੀ। ਉਹਨਾਂ ਕਿਹਾ ਕਿ ਹੁਣ ਕਿਰਤੀ ਕਿਸਾਨ ਪਹਿਲਾਂ ਨਾਲੋ ਵੱਧ ਸਿਆਣੇ ਅਤੇ ਜਥੇਬੰਦ ਹੋ ਗਏ ਹਨ, ਜਿਸ ਕਾਰਨ ਉਹ ਆਪਣੀਆਂ ਜ਼ਮੀਨਾਂ ਤੇ ਖੇਤੀ ਦੇ ਧੰਦੇ ਨੂੰ ਖੁੱਸਣ ਨਹੀ ਦੇਣਗੇ। ਉਹਨਾਂ ਲੁਧਿਆਣਾ ਜ਼ਿਲ੍ਹਾ ਕਮੇਟੀ ਦੀ ਪਿੱਠ ਥਾਪੜਦਿਆਂ ਆਖਿਆ ਕਿ ਇਸ ਕਮੇਟੀ ਨੇ ਆਪਣੇ ਆਪ ਨੂੰ ਜਥੇਬੰਦਕ ਤੌਰ ’ਤੇ ਹੋਰ ਵੀ ਮਜ਼ਬੂਤ ਕਰ ਲਿਆ ਹੈ।
ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਤਨਦੇਹੀ ਨਾਲ ਲਾਗੂ ਕਰਦੀ ਹੈ। ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ 28 ਅਗਸਤ ਨੂੰ ਸਹਿਕਾਰੀ ਪ੍ਰਬੰਧ ਨੂੰ ਬਚਾਉਣ ਅਤੇ ਇਸ ਦੇ ਵਾਧੇ ਲਈ ਡੀ ਆਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। 4 ਸਤੰਬਰ ਨੂੰ ਪਾਸ ਕੀਤੇ ਲੋਕ ਵਿਰੋਧੀ ਤਿੰਨ ਫ਼ੌਜਦਾਰੀ ਕਾਨੂੰਨਾਂ ਵਿਰੁੱਧ ਕਸਬਾ ਕੂੰਮਕਲਾਂ ਵਿੱਚ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਜਿਸ ਦੀਆਂ ਜ਼ੋਰਦਾਰ ਤਰੀਕੇ ਨਾਲ ਤਿਆਰੀਆ ਸ਼ੁਰੂ ਕਰ ਦਿੱਤੀਆਂ ਹਨ।
ਇਸ ਮੌਕੇ ਹੋਰਨਾ ਤੋ ਇਲਾਵਾ ਜਗਤਾਰ ਸਿੰਘ ਚਕੌਹੀ, ਗੁਰਮੇਲ ਸਿੰਘ ਰੂਮੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਦਫਤਰ ਸਕੱਤਰ ਨਛੱਤਰ ਸਿੰਘ, ਰਘਵੀਰ ਸਿੰਘ ਆਸੀ ਕਲਾਂ, ਬਾਬਾ ਸੁਖਮਿੰਦਰ ਸਿੰਘ ਬੰੜੂਦੀ, ਜਥੇਦਾਰ ਅਮਰਜੀਤ ਸਿੰਘ ਬਾਲਿਓ, ਲਛਮਣ ਸਿੰਘ ਕੂੰਮਕਲਾਂ, ਪਰਮਜੀਤ ਸਿੰਘ ਮਾਛੀਵਾੜਾ, ਬਲਵੀਰ ਸਿੰਘ ਭੁੱਟਾ, ਮਲਕੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ, ਕਰਮ ਸਿੰਘ ਗਰੇਵਾਲ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਕਿਰਪਾਲ ਸਿੰਘ ਕੋਟਮਾਨਾ, ਕੁਲਵੰਤ ਸਿੰਘ ਮੋਹੀ, ਪਰਮਜੀਤ ਸਿੰਘ, ਗੁਰਮੀਤ ਸਿੰਘ ਗਰੇਵਾਲ ਹਾਜ਼ਰ ਸਨ।

Comments
Post a Comment