ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕਿਲ੍ਹਾ ਰਾਏਪੁਰ ਦੇ ਸਕੂਲ ‘ਚ ਕੀਤਾ ਸਮਾਗਮ
ਕਿਲ੍ਹਾ ਰਾਏਪੁਰ: ਇਲਾਕੇ ’ਚ ਵੱਧ ਰਹੀ ਨਸ਼ਿਆਂ ਦੀ ਵਰਤੋਂ ਅਤੇ ਨੌਜਵਾਨਾਂ ਉੱਪਰ ਇਸ ਦੇ ਪੈ ਰਹੇ ਮਾੜੇ ਪ੍ਰਭਾਵ ਤੋਂ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕਿਲ੍ਹਾ ਰਾਏਪੁਰ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਦਾ ਪ੍ਰਬੰਧ ਯੂਥ ਕਲੱਬ ਕਿਲ੍ਹਾ ਰਾਏਪੁਰ ਦੇ ਆਗੂ ਬਲਾਕ ਪ੍ਰਧਾਨ ਹਰਜੀਤ ਸਿੰਘ, ਪੁਲਿਸ ਕਮਿਸ਼ਨਰ ਲੁਧਿਆਣਾ ਦੀ ਦਿਸ਼ਾ ਨਿਰਦੇਸ਼ ਤੇ ਪੁਲਿਸ ਥਾਣਾ ਡੇਹਲੋ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ, ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਿਲ੍ਹਾ ਰਾਏਪੁਰ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਨੇ ਕੀਤਾ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਦੀ ਅਗਵਾਈ ਵਿੱਚ ਸਭਾ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਸ਼ੁਰੂ ਵਿੱਚ ਸਕੂਲੀ ਬੱਚਿਆਂ ਵੱਲੋਂ ਰੱਸਾਕੱਸ਼ੀ, 100 ਮੀਟਰ ਦੌੜ, ਬੋਰੀ ਵਿੱਚ ਪੈਰ ਪਾ ਕੇ ਦੌੜ ਵਰਗੀਆਂ ਖੇਡਾਂ ਦੀ ਪ੍ਰਦਰਸ਼ਨੀ ਕੀਤੀ। ਇਸ ਮੌਕੇ ਬੱਚਿਆਂ ਨੇ ਸ਼ਬਦ ਗਾਇਨ, ਨਸ਼ਿਆਂ ਵਿਰੁੱਧ ਗੀਤ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਲਾਹਿਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਯੂਥ ਕਲੱਬ ਦੇ ਆਗੂ ਦਿਲਜੋਤ ਸਿੰਘ ਗਰੇਵਾਲ, ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਨੇ ਆਖਿਆ ਕਿ ਸਾਨੂੰ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਕੇ ਇਸ ਦੇ ਨੌਜਵਾਨਾਂ ਉੱਪਰ ਪੈ ਰਹੇ ਮਾੜੇ ਪ੍ਰਭਾਵ ਨੂੰ ਰੋਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਇਨਸਾਨ ਨਾ ਆਪਣਾ, ਨਾ ਪਰਿਵਾਰ ਦਾ , ਨਾ ਸਮਾਜ ਦਾ ਭਲਾ ਕਰ ਸਕਦਾ ਹੈ। ਸਗੋ ਉਲਟਾਂ ਦੇ ਕਾਰਨ ਉਸ ਦੇ ਆਸੇ ਪਾਸੇ ਰਹਿਣ ਵਾਲੇ ਲੋਕ ਵੀ ਪ੍ਰੇਸਾਨ ਹੋ ਜਾਂਦੇ ਹਨ। ਇਸ ਲਈ ਹਰ ਇਨਸਾਨ ਨੂੰ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਦੂਰ ਰਹਿਣਾ ਚਾਹੀਦਾ ਹੈ। ਥਾਣਾ ਡੇਹਲੋ ਦੇ ਮੁੱਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਆਖਿਆ ਕਿ ਜੋ ਲੋਕ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ ਉਹਨਾਂ ਖਿਲਾਫ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਕਿਹਾ ਕਿ ਨਸ਼ੇ ਵੇਚ ਕੇ ਬਣਾਈ ਜਾਇਦਾਦ ਨੂੰ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਲਵੇਗੀ ਅਤੇ ਦੋਸ਼ੀਆਂ ਨੂੰ ਸਾਰੀ ਉਮਰ ਜੇਲ੍ਹ ਕੱਟਣੀ ਪੈ ਸਕਦੀ ਹੈ। ਉਹਨਾਂ ਨਸ਼ੇ ਵੇਚਣ ਵਾਲਿਆਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਆਖਿਆ ਕਿ ਉਹ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਨੂੰ ਨੌਜਵਾਨਾਂ ਵਿੱਚ ਭਰੋਸਾ ਪੈਦਾ ਕਰਕੇ ਉਹਨਾਂ ਲਈ ਚੰਗੀ ਵਿੱਦਿਆ, ਚੰਗੇ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ। ਤਾਂ ਕਿ ਉਹ ਆਪਣੀ ਜ਼ਿੰਦਗੀ ਤਣਾ ਤੋ ਮੁਕਤ ਹੋ ਕੇ ਜਿਉਂ ਸਕਣ। ਆਗੂਆਂ ਨੇ ਆਖਿਆ ਕਿ ਨਸ਼ੇ ਰੋਕਣ ਲਈ ਨਸ਼ਾ ਵਪਾਰੀਆਂ, ਰਾਜਸੀ ਆਗੂਆਂ ਅਤੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦਾ ਗੱਠਜੋੜ ਤੋੜਣ ਦੀ ਲੋੜ ਹੈ। ਇਸ ਗੱਠਜੋੜ ਨੂੰ ਤੋੜ ਕੇ ਹੀ ਨਸ਼ਿਆਂ ਨੂੰ ਰੋਕਿਆ ਜਾ ਸਕਦਾ ਹੈ।
ਸਟੇਜ ਦੀ ਕਾਰਵਾਈ ਲੈਕਚਰਾਰ ਗੁਰਪ੍ਰੀਤ ਸਿੰਘ ਵੱਲੋ ਬਾਖੂਬੀ ਚਲਾਈ। ਇਸ ਮੌਕੇ ਹੋਰਨਾ ਤੋਂ ਪਵਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਸਮੀਤ ਸਿੰਘ, ਜੱਸਜੋਤ ਸਿੰਘ, ਕੁਲਜੀਤ ਸਿੰਘ, ਜਸਵੀਰ ਸਿੰਘ ਲੈਕਚਰਾਰ, ਦਲਰਾਜ ਸਿੰਘ ਲੈਕਚਰਾਰ, ਕਮਲਜੀਤ ਕੌਰ ਲੈਕਚਰਾਰ, ਰਮਨਦੀਪ ਕੌਰ ਲੈਕਚਰਾਰ, ਤੇਜਿੰਦਰ ਕੌਰ ਲੈਕਚਰਾਰ, ਰਾਕੇਸ਼ ਕੁਮਾਰ, ਯਾਦਵਿੰਦਰ ਸਿੰਘ , ਮਨਪ੍ਰੀਤ ਸਿੰਘ, ਮਾਲਵਿੰਦਰ ਸਿੰਘ, ਤਰਵਿੰਦਰ ਕੌਰ, ਗੁਰਜੀਤ ਕੌਰ, ਕੋਮਲ ਰਾਣੀ, ਗਗਨਦੀਪ ਕੌਰ , ਸੁਮੀਤ ਕੌਰ, ਕਿਸਾਨ ਸਭਾ ਦੇ ਆਗੂ ਮਲਕੀਤ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਬਲਰਾਜ ਸਿੰਘ, ਦਰਸ਼ਣ ਸਿੰਘ ਆਦਿ ਹਾਜ਼ਰ ਸਨ।

Comments
Post a Comment