ਬਿਜਲੀ ਮਹਿਕਮੇ ਦੇ ਐੱਸਡੀਓ ਨਾਲ ਜਮਹੂਰੀ ਕਿਸਾਨ ਸਭਾ ਦੇ ਵਫ਼ਦ ਨੇ ਕੀਤੀ ਮੀਟਿੰਗ
ਜੋਧਾਂ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਵੱਲੋ ਬਿਜਲੀ ਮਹਿਕਮੇ ਦੇ ਸਬ ਡਵੀਜ਼ਨ ਨਾਰੰਗਵਾਲ ਦੇ ਐਸਡੀਓ ਤਰਲੋਚਨ ਸਿੰਘ ਨਾਲ ਮੀਟਿੰਗ ਕੀਤੀ। ਵਫ਼ਦ ਦੀ ਅਗਵਾਈ ਇਲਾਕਾ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਤੇ ਮਲਕੀਤ ਸਿੰਘ ਗਰੇਵਾਲ ਨੇ ਕੀਤੀ। ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਨਾਰੰਗਵਾਲ ਸਬ ਡਵੀਜ਼ਨ ਦੇ ਕੁੱਝ ਮੁਲਾਜ਼ਮਾਂ ਵੱਲੋਂ ਲੋਕਾਂ ਦੇ ਜਾਇਜ਼ ਕੰਮ ਕਰਨ ਤੋਂ ਆਨਾ ਕਾਨੀ ਕੀਤੀ ਜਾਂਦੀ ਹੈ। ਕੰਮ ਵਿੱਚ ਦੇਰੀ ਕਰਕੇ ਲੋਕਾਂ ਤੋ ਰਿਸ਼ਵਤ ਦੀ ਮੰਗ ਵੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜਥੇਬੰਦੀ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ, ਜਿਸ ਕਰਕੇ ਉਹਨਾਂ ਨੇ ਸਬ ਡਵੀਜ਼ਨ ਦੇ ਐੱਸਡੀਓ ਸਾਹਮਣੇ ਇਸ ਮਸਲੇ ਨੂੰ ਰੱਖਿਆ ਹੈ। ਆਗੂਆਂ ਨੇ ਆਖਿਆ ਕਿ ਲੋਕਾਂ ਦੇ ਹੱਕੀ ਕੰਮ ਜਲਦੀ ਨਾਲ ਹੋਣੇ ਚਾਹੀਦੇ ਹਨ। ਉਹਨਾਂ ਨੂੰ ਦਫ਼ਤਰਾਂ ਦੇ ਵਾਰ-ਵਾਰ ਚੱਕਰ ਨਾ ਲਗਾਉਣੇ ਪੈਣ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮਿਲਣੀ ਚਾਹੀਦੀ ਹੈ। ਅਗਰ ਸਪਲਾਈ ਵਿੱਚ ਕੋਈ ਨੁਕਸ ਪੈਂਦਾ ਹੈ ਤਾਂ ਉਸ ਨੂੰ ਜਲਦੀ ਠੀਕ ਕੀਤਾ ਜਾਵੇ। ਅਗਰ ਕਿਸੇ ਨੇ ਮੋਟਰ ਦਾ ਨਾਮ ਬਦਲੀ ਕਰਨਾ ਹੈ ਜਾਂ ਲੋਡ ਵਧਾਉਣਾ ਹੈ ਤਾਂ ਉਸ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾਵੇ। ਲੋਡ ਵਧਾਉਣ ਦੀ ਤਰੀਕ ਵਿੱਚ ਵਾਧਾ ਕੀਤਾ ਜਾਵੇ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਮਹਿਕਮੇ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਪੱਕੇ ਤੌਰ ਤੇ ਭਰਿਆ ਜਾਵੇ। ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ।
ਇਸ ਮੌਕੇ ਐੱਸਡੀਓ ਤਰਲੋਚਨ ਸਿੰਘ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਜਲਦੀ ਨਾਲ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਮਨਮਾਨੀਆਂ ਕਰਨ ਵਾਲੇ ਮੁਲਾਜ਼ਮਾਂ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਵਫ਼ਦ ’ਚ ਹੋਰਨਾ ਤੋਂ ਇਲਾਵਾ ਦਫ਼ਤਰ ਸਕੱਤਰ ਨਛੱਤਰ ਸਿੰਘ, ਤਰਲੋਚਨ ਸਿੰਘ ਘੁੰਗਰਾਣਾ, ਦਿਲਬਾਗ ਸਿੰਘ ਬਾਗ਼ੀ ਡਾਗੋ ਆਦਿ ਹਾਜ਼ਰ ਸਨ।

Comments
Post a Comment