ਨਕਲੀ ਖਾਦਾਂ, ਬੀਜਾਂ, ਦਵਾਈਆਂ ਦੀ ਵਿਕਰੀ ਰੋਕਣ ਸਬੰਧੀ ਮੁੱਖ ਖੇਤੀਬਾੜੀ ਅਫਸਰ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ: ਕਿਸਾਨਾਂ ਨੂੰ ਵੇਚੀਆਂ ਜਾ ਰਹੀਆਂ ਨਕਲੀ ਦਵਾਈਆਂ, ਖਾਦਾਂ ਤੇ ਬੀਜਾਂ ਦੀ ਵਿਕਰੀ ਰੋਕਣ ਅਤੇ ਸੰਬੰਧਿਤ ਕੰਪਨੀਆਂ ’ਤੇ ਸਖਤ ਕਾਰਵਾਈ ਦੀ ਮੰਗ ਨੂੰ ਲੈਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਨੇ ਮੁੱਖ ਖੇਤੀਬਾੜੀ ਅਫਸਰ ਪ੍ਰਕਾਸ਼ ਸਿੰਘ ਨੂੰ ਲੁਧਿਆਣਾ ਸਥਿਤ ਉਹਨਾਂ ਦੇ ਦਫਤਰ ’ਚ ਮੰਗ ਪੱਤਰ ਸੌਂਪਿਆ।
ਵਫ਼ਦ ਦੀ ਅਗਵਾਈ ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਖਾਦ, ਦਵਾਈਆਂ ਤੇ ਬੀਜਾਂ ਦੀ ਸਪਲਾਈ ਵਿੱਚ ਨਕਲੀ ਮਾਲ ਭੇਜਿਆ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਹੋ ਰਹੀ ਹੈ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਮਾਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਜ਼ਿਲ੍ਹਾ ਪੱਧਰੀ ਵੱਡੇ ਗੁਦਾਮਾਂ ਦੀ ਚੈਕਿੰਗ ਕਰਕੇ ਉਹਨਾਂ ਦੇ ਸੈਂਪਲ ਭਰੇ ਜਾਣ। ਚੈਕਿੰਗ ਸਮੇਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਦੁਕਾਨਾਂ ਦੇ ਸੈਂਪਲ ਭਰਨ ਨਾਲ ਕਾਰਵਾਈ ਕੇਵਲ ਦੁਕਾਨਦਾਰ ਉੱਪਰ ਹੁੰਦੀ ਹੈ, ਕੰਪਨੀਆਂ ਸਾਫ ਬਚ ਜਾਂਦੀਆਂ ਹਨ। ਉਹਨਾਂ ਆਖਿਆ ਕਿ ਸਹਿਕਾਰੀ ਸੁਸਾਇਟੀਆਂ ਤੇ ਖਾਦਾਂ, ਬੀਜਾਂ ਤੇ ਦਵਾਈਆਂ ਦੀ ਸਪਲਾਈ ਵੱਧ ਕੀਤੀ ਜਾਵੇ। ਕਿਸਾਨਾਂ ਨੂੰ ਖਾਦਾਂ ਦੇ ਨਾਲ ਹੋਰ ਵਾਧੂ ਸਮਾਨ ਲੈਣ ਲਈ ਮਜਬੂਰ ਨਾ ਕੀਤਾ ਜਾਵੇ। ਉਹਨਾਂ ਕਿਸਾਨਾਂ ਦੀ ਜਿਣਸ ਫਰਸੀ ਕੰਢੇ ਦੀ ਥਾਂ ਕੰਪਿਊਟਰ ਕੰਢੇ ਨਾਲ ਤੋਲੀ ਜਾਵੇ। ਖਾਦਾਂ, ਦਵਾਈਆਂ ਤੇ ਬੀਜਾਂ ਦੀ ਕਾਲਾ ਬਜ਼ਾਰੀ ਕਰਨ ਵਾਲੇ ਅਪਰਾਧੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਖੇਤੀਬਾੜੀ ਅਫਸਰ ਵੱਲੋ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ।

Comments
Post a Comment