ਸੰਯੁਕਤ ਕਿਸਾਨ ਮੋਰਚੇ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਕਿਸਾਨਾਂ ਨੇ ਆਪਣੀ ਰਹਿੰਦੀਆ ਮੰਗਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਾਕਸੀ ਸਾਹਨੀ ਰਾਹੀਂ ਭਾਰਤ ਸਰਕਾਰ ਨੂੰ ਆਪਣਾ ਮੰਗ ਪੱਤਰ ਭੇਜਿਆ। ਮੰਗ ਪੱਤਰ ਦੇਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ। ਅੱਜ ਦੇ ਪ੍ਰੋਗਰਾਮ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਆਲ ਇੰਡੀਆ ਕਿਸਾਨ ਸਭਾ 1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ, ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਰਮਜੀਤ ਸਿੰਘ ਕਾਉਕੇ, ਬੀਕੇਯੂ ਡਕੌਦਾ (ਬੁੱਰਜ ਗਿੱਲ) ਦੇ ਰਾਜਵੀਰ ਸਿੰਘ ਘੁੰਗਰਾਲੀ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਹਰਨੇਕ ਸਿੰਘ ਗੁੱਜਰਵਾਲ, ਕੰਵਲਜੀਤ ਖੰਨਾ, ਚਮਕੌਰ ਸਿੰਘ ਬਰਮੀ, ਗੁਰਮੇਲ ਸਿੰਘ ਰੂਮੀ, ਸੁਰਜੀਤ ਸਿੰਘ ਸੀਲੋ, ਰਜਿੰਦਰਪਾਲ ਸਿੰਘ ਔਲ਼ਖ, ਮਨਜੀਤ ਸਿੰਘ ਮਨਸੂਰਾਂ, ਨਿਰਮਲ ਸਿੰਘ ਮੁਸ਼ਕਾਬਾਦ ਨੇ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀ ਦਾ ਧੰਦਾ ਘਾਟੇ ਦਾ ਸਾਬਤ ਹੋ ਰਿਹਾ ਹੈ। ਜਿਸ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ ਅਤੇ ਫਸਲਾ ਦਾ ਲਾਹੇਬੰਦ ਭਾਅ ਨਾ ਮਿਲਣ ਕਾਰਨ ਉਹ ਕਰਜ਼ੇ ਦੇ ਜਾਲ ਵਿੱਚ ਫਸ ਰਹੇ ਹਨ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਡਾ. ਸਵਾਮੀਨਾਥਨ ਕਮੇਟੀ ਦੀ ਸਿਫਾਰਸ਼ ਮੁਤਾਬਕ ਫਸਲਾਂ ਦੇ ਭਾਅ ਦਿੱਤੇ ਜਾਣ। ਕਿਰਤੀ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਉੱਪਰ ਲਕੀਰ ਫੇਰੀ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਰਹਿੰਦੀਆਂ ਮੰਗਾਂ ਨੂੰ ਤਰੁੰਤ ਮੰਨਿਆ ਜਾਵੇ। ਜੇ ਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਉਹ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਅਮਰਜੀਤ ਸਿੰਘ ਸਹਿਜਾਦ, ਮਲਕੀਤ ਸਿੰਘ ਗਰੇਵਾਲ, ਕੁਲਦੀਪ ਸਿੰਘ ਗਰੇਵਾਲ, ਨਛੱਤਰ ਸਿੰਘ, ਮਲਕੀਤ ਸਿੰਘ ਮਾਲੜੀ, ਗੁਰਪ੍ਰੀਤ ਸਿੰਘ ਰਤਨ ਆਦਿ ਹਾਜ਼ਰ ਸਨ।

Comments
Post a Comment