ਅੱਕੇ ਕਿਸਾਨਾਂ ਨੇ ਗੁਰਾਇਆ ਵਿਖੇ ਜੀਟੀ ਰੋਡ ਕੀਤਾ ਜਾਮ
ਗੁਰਾਇਆ: ਬਿਜਲੀ ਦੇ ਕੱਟਾਂ ਅਤੇ ਮਾੜੇ ਪ੍ਰਬੰਧ ਤੋਂ ਅੱਕੇ ਅੱਜ ਕਿਸਾਨਾਂ ਨੇ ਜੀਟੀ ਰੋਡ ਜਾਮ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਹ ਕਿਸਾਨ ਅੱਜ ਐਕਸੀਅਨ ਗੁਰਾਇਆ ਦੇ ਦਫ਼ਤਰ ਧਰਨਾ ਦੇਣ ਪੁੱਜੇ ਸਨ ਪਰ ਉਥੇ ਐਕਸੀਅਨ ਦੀ ਗੈਰਮੌਜਦੂਗੀ ਕਾਰਨ ਆਪਣੀ ਆਵਾਜ਼ ਸਰਕਾਰ ਦੇ ਕੰਨਾ ਤੱਕ ਪੁੱਜਦੀ ਕਰਨ ਲਈ ਕਿਸਾਨ ਜੀਟੀ ਰੋਡ ‘ਤੇ ਜਾ ਬੈਠੇ, ਜਿਥੇ ਲਗਾਤਾਰ ਨਾਅਰੇਬਾਜ਼ੀ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।
ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੱਦੇ ’ਤੇ ਅੱਜ ਜਦੋਂ ਵੱਖ-ਵੱਖ ਪਿੰਡਾਂ ’ਚੋਂ ਕਿਸਾਨ ਇਕੱਠੇ ਹੋ ਕੇ ਧਰਨਾ ਲਗਾ ਕੇ ਬੈਠੇ ਤਾਂ ਮੀਂਹ ਨੇ ਜ਼ੋਰ ਫੜ ਲਿਆ।
ਦਫ਼ਤਰ ਦੇ ਅੰਦਰ ਜਾ ਕੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਮਾਨ ਸਰਕਾਰ ਦੇ ਕੀਤੇ ਹੋਏ ਦਾਅਵੇ ਖੋਖਲੇ ਸਾਬਤ ਹੋ ਗਏ ਹਨ ਕਿਉਂਕਿ ਕਿਸਾਨਾਂ ਨੂੰ ਵਾਅਦੇ ਮੁਤਾਬਿਕ ਬੱਤੀ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਘੱਟ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਕੱਟਾਂ ਬਾਰੇ ਵਕਤ ਸਿਰ ਸੂਚਿਤ ਵੀ ਨਹੀਂ ਕੀਤਾ ਜਾਂਦਾ ਅਤੇ ਦਿੱਤੇ ਟਾਈਮ ਤੋਂ ਪਛੜ ਕੇ ਬੱਤੀ ਛੱਡੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਬੁਲਾਰਿਆਂ ਨੇ ਕਿਹਾ ਲੋਕਲ ਪੱਧਰ ਦੇ ਅਨੇਕਾਂ ਮਸਲੇ ਲਟਕੇ ਹੋਏ ਹਨ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਮੁਲਾਜ਼ਮਾਂ ਦੀ ਘਾਟ ਕਾਰਨ ਕਿਸੇ ਵੀ ਸ਼ਿਕਾਇਤ ਨੂੰ ਵਕਤ ਸਿਰ ਠੀਕ ਨਹੀਂ ਕੀਤਾ ਜਾਂਦਾ। ਆਗੂਆਂ ਨੇ ਭਾਰਦਵਾਜੀਆਂ ਪਿੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਸਾਲ ਤੋਂ ਇਹ ਪਿੰਡ ਘੱਟ ਵੋਲਟੇਜ ਕਾਰਨ ਜੂਝ ਰਿਹਾ ਹੈ।
ਇਸ ਧਰਨੇ ਨੂੰ ਜਸਬੀਰ ਸਿੰਘ ਸਹੋਤਾ, ਸੰਤੋਖ ਸਿੰਘ ਬਿਲਗਾ, ਹਰਜੀਤ ਸਿੰਘ ਢੇਸੀ, ਜਸਵਿੰਦਰ ਸਿੰਘ ਢੇਸੀ, ਤਰਸੇਮ ਸਿੰਘ ਢਿੱਲੋਂ, ਪਰਮਜੀਤ ਰੰਧਾਵਾ, ਮਨਜਿੰਦਰ ਸਿੰਘ ਢੇਸੀ, ਸਰਪੰਚ ਰਜਿੰਦਰ ਕੁਮਾਰ ਨੇ ਸੰਬੋਧਨ ਕੀਤਾ।
ਜਦੋਂ ਐਕਸੀਅਨ ਦਫ਼ਤਰ ਤੋਂ ਕੋਈ ਹੁੰਗਾਰਾ ਨਾ ਆਇਆ ਤਾਂ ਅੱਕੇ ਕਿਸਾਨਾਂ ਨੇ ਆਪਣੀ ਮੁਹਾਰ ਜੀਟੀ ਰੋਡ ਵੱਲ ਮੋੜ ਲਈ, ਜਿਥੇ ਸੜਕ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਲਿੱਪ ਰੋਡ ਚਲਦੀ ਰੱਖੀ। ਕਰੀਬ ਅੱਧੇ ਪੌਣੇ ਘੰਟੇ ਬਾਅਦ ਪਾਵਰਕੌਮ ਦੇ ਐਕਸੀਅਨ ਸੁਖਬੀਰ ਸਿੰਘ ਧੀਮਾਨ ਨੇ ਜਾਮ ਵਾਲੀ ਥਾਂ ਪੁੱਜ ਕੇ ਧਰਨਾਕਾਰੀਆਂ ਨੂੰ ਯਕੀਨ ਦਵਾਇਆ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ੍ਹ ਕੀਤਾ ਜਾਵੇਗਾ। ਉਨ੍ਹਾ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਯਕੀਨ ਦਵਾਇਆ ਕਿ ਜਿਥੇ ਬਿਜਲੀ ਦੀ ਸਪਲਾਈ ਘੱਟ ਮਿਲੀ ਹੈ, ਉਥੇ ਵੱਧ ਸਪਲਾਈ ਦੇਕੇ ਪੂਰਤੀ ਕੀਤੀ ਜਾਵੇਗੀ। ਇਸ ਉਪਰੰਤ ਮੁਕਾਮੀ ਮਸਲਿਆਂ ਸਬੰਧੀ ਆਗੂਆਂ ਨਾਲ ਬੈਠ ਕੇ ਗੱਲਬਾਤ ਕੀਤੀ ਗਈ। ਜਿਥੇ ਉਕਤ ਅਧਿਕਾਰੀ ਨੇ ਯਕੀਨ ਦਵਾਇਆ ਕਿ ਕੁੱਝ ਮਸਲੇ ਫੌਰੀ ਹੱਲ੍ਹ ਹੋ ਜਾਣਗੇ। ਬਾਕੀ ਮਸਲਿਆਂ ਦੇ ਹੱਲ੍ਹ ਲਈ ਉਨ੍ਹਾ ਸਮਾਂਬੱਧ ਯਕੀਨ ਦਵਾਇਆ।
ਇਸ ਦੌਰਾਨ ਜਸਬੀਰ ਸਿੰਘ ਭੋਲੀ, ਕੁਲਜਿੰਦਰ ਤਲਵਣ, ਕੁਲਵੰਤ ਖਹਿਰਾ, ਬੂਟਾ ਸਿੰਘ ਬੜਾਪਿੰਡ, ਜਤਿੰਦਰ ਜਿੰਮੀ, ਨਵਦੀਪ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਰੀਕ ਰੁੜਕਾ, ਬਲਬੀਰ ਬੀਰੀ, ਰਣਜੀਤ ਸਿੰਘ ਖੇਲਾ, ਬਲਵਿੰਦਰ ਸਿੰਘ ਖਹਿਰਾ, ਜਗਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।


Comments
Post a Comment