ਜਗਰਾਉਂ ਵਿਖੇ ਤਿੰਨ ਨਵੇਂ ਅਪਰਾਧਿਕ ਕਨੂੰਨ ਰੱਦ ਕਰਾਉਣ ਲਈ ਰੋਸ ਪ੍ਰਦਰਸ਼ਨ
ਜਗਰਾਓ: ਅੱਜ ਇੱਥੇ ਬੱਸ ਸਟੈਂਡ ਕੰਪਲੈਕਸ ’ਚ ਤਹਿਸੀਲ ਜਗਰਾਉਂ ਦੀਆਂ ਦਰਜਨ ਦੇ ਕਰੀਬ ਜਨਤਕ ਜਮਹੂਰੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਸੂਬੇ ਦੀਆਂ ਚਾਲੀ ਕਿਸਾਨ, ਮਜ਼ਦੂਰ, ਮੁਲਾਜ਼ਮ ਜਮਹੂਰੀ ਜਥੇਬੰਦੀਆਂ ਦੇ ਸੱਦੇ ’ਤੇ ਮੋਦੀ ਹਕੂਮਤ ਵੱਲੋਂ ਦੇਸ਼ ਭਰ ’ਚ ਅੱਜ ਤੋਂ ਲਾਗੂ ਕੀਤੇ ਜਾ ਰਹੇ ਨਵੇਂ ਅਪਰਾਧਿਕ ਕਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਵਿਸ਼ਵਪ੍ਰਸਿੱਧ ਲੋਕਪੱਖੀ ਲੇਖਿਕਾ ਅਰੁਧੰਤੀ ਰਾਏ ਅਤੇ ਕਸ਼ਮੀਰ ਦੇ ਕੌਮੀ ਅਜ਼ਾਦੀ ਲਹਿਰ ਦੇ ਸਮਰਥਕ ਪ੍ਰੋ ਸ਼ੇਖ ਸ਼ੌਕਤ ਹੂਸੈਨ ਤੇ ਦੇਸ਼ਧਰੋਹ ਦਾ ਮੁਕੱਦਮਾ ਦਰਜ ਕਰਨ ਦਾ ਅਮਲ ਤੁਰਤ ਬੰਦ ਕਰਨ ਲਈ ਇਸ ਮੁਜ਼ਾਹਰੇ ਰਾਹੀਂ ਅਵਾਜ਼ ਉਠਾਈ ਗਈ। ਯੂਏਪੀਏ ਕਨੂੰਨ ਰੱਦ ਕਰੋ ਦੇ ਨਾਅਰੇ ਗੁੰਜਾਏ ਗਏ। ਮੁਜਾਹਰਾਕਾਰੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਲੋਕ ਸੱਭਿਆਚਾਰ ਮੰਚ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਦੇਸ਼ ਅੰਦਰ ਹਿੰਦੂ ਰਾਜ ਦੀ ਸਥਾਪਨਾ, ਸੰਘੀ ਢਾਂਚਾ ਭੰਗ ਕਰਨ, ਹਰ ਵਿਰੋਧੀ ਆਵਾਜ਼ ਦਾ ਗਲਾ ਘੁੱਟਣ ਲਈ ਦੇਸ਼ ’ਚ ਅਣਐਲਾਨੀ ਐਮਰਜੈੰਸੀ ਲਾਗੂ ਕਰ ਦਿੱਤੀ ਗਈ। ਮੋਦੀ ਦੀ ਫਾਸ਼ੀ ਹਕੂਮਤ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਲਈ ਇਹ ਤਾਨਾਸ਼ਾਹ ਕਨੂੰਨ ਲਾਗੂ ਕਰਕੇ ਦੇਸ਼ ਨੂੰ ਖੁਲੀ ਜੇਲ ਚ ਬਦਲਣ ਜਾ ਰਹੀ ਹੈ। ਇਨ੍ਹਾਂ ਨਵੇ ਕਨੂੰਨਾਂ ਦਾ ਨਵਾਂ ਲਬਾਣਾ ਲੋਕਾਂ ਲਈ ਆਉਣ ਵਾਲੇ ਸਮੇਂ ’ਚ ਵੱਡੇ ਖਤਰੇ ਸਮੋਈ ਬੈਠਾ ਹੈ। ਜਿਸ ਲਈ ਕਿਸਾਨ ਅੰਦੋਲਨ ਵਾਂਗ ਵੱਡੀ ਲੋਕ ਲਹਿਰ ਦੀ ਉਸਾਰੀ ਕਰਨੀ ਪਵੇਗੀ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਰਣਜੀਤ ਸਿੰਘ ਗੂੜ੍ਹੇ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਆਗੂ ਸੁਖਦੇਵ ਸਿੰਘ ਭੂੰਦੜੀ, ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਅਸ਼ੋਕ ਭੰਡਾਰੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਦੇਵਿੰਦਰ ਸਿੰਘ ਮਲਸੀਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਲੇ ਕਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਲਈ ਅਗਲੀ ਰਣਨੀਤੀ 21 ਜੁਲਾਈ ਦੀ ਸੂਬਾ ਪੱਧਰੀ ਜਾਲੰਧਰ ਕਨਵੈਨਸ਼ਨ ’ਚ ਉਲੀਕੀ ਜਾਵੇਗੀ।
ਇਸ ਸਮੇਂ ਐੱਸਡੀਐੱਮ ਦਫ਼ਤਰ ਮੂਹਰੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਮੋਦੀ ਦੀ ਫਾਸ਼ੀ ਹਕੂਮਤ ਦਾ ਸਿਆਪਾ ਕੀਤਾ ਗਿਆ। ਐੱਸਡੀਐੱਮ ਗੁਰਵੀਰ ਸਿੰਘ ਕੋਹਲੀ ਰਾਹੀਂ ਰਾਸ਼ਟਰਪਤੀ ਦੇ ਨਾਮ ਲਿਖਤੀ ਮੰਗ-ਪੱਤਰ ਭੇਜਿਆ ਗਿਆ।
ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ, ਕੁਲਵੰਤ ਸਿੰਘ ਗਾਲਬ, ਸੁਰਜੀਤ ਸਿੰਘ ਦਾਉਧਰ, ਕਰਤਾਰ ਸਿੰਘ ਵੀਰਾਨ, ਹੁਕਮਰਾਜ ਦੇਹੜਕਾ, ਪਾਲ ਸਿੰਘ ਨਵਾਂ ਡੱਲਾ, ਹਰਬੰਸ ਸਿੰਘ ਅਖਾੜਾ, ਜਸਵੰਤ ਸਿੰਘ ਕਲੇਰ, ਲੈਕਚਰਾਰ ਅਵਤਾਰ ਸਿੰਘ, ਜਸਵਿੰਦਰ ਸਿੰਘ ਭਮਾਲ, ਬਲਦੇਵ ਸਿੰਘ ਫੌਜੀ ਹਾਜ਼ਰ ਸਨ।

Comments
Post a Comment