ਜੇਤੇਵਾਲ ‘ਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੀਤਾ ਜਾਵੇਗਾ ਯਾਦ
ਨੂਰਪੁਰਬੇਦੀ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਨੂਰਪੁਰਬੇਦੀ ਇਕਾਈ ਵੱਲੋਂ ਵੱਡੇ ਪੱਧਰ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ ਨੇ ਦੱਸਿਆ ਕਿ ਪਿੰਡ ਜੇਤੇਵਾਲ (ਸਿੰਬਲਮਾਜਰਾ) ਸਥਿਤ ਗੁਰਦਵਾਰਾ ਬਾਣਗੜ੍ਹ ਸਾਹਿਬ ਵਿਖੇ 9 ਜੂਨ ਨੂੰ ਸਵੇਰੇ 10 ਵਜੇ ਸਮਾਗਮ ਦੀ ਸ਼ੁਰੂਆਤ ਹੋਵੇਗੀ। ਜਿਸ ਦੌਰਾਨ ਪਹੁੰਚ ਰਹੇ ਕਿਸਾਨ ਸੰਗਠਨਾਂ ਦੇ ਆਗੂਆਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਅਤੇ ਕਿਸਾਨਾਂ ਨਾਲ ਪ੍ਰਤੀ ਦਿਖਾਈ ਹਮਦਰਦੀ ਸਬੰਧੀ ਵਿਚਾਰ-ਚਰਚਾ ਕਰਨ ਤੋਂ ਬਾਅਦ ਕਿਸਾਨੀ ਸੰਘਰਸ਼ ਦੀ ਵੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ।
ਉਨ੍ਹਾਂ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਅਣਖ ਦੀ ਲੜਾਈ ਲੜਦੇ ਹੋਏ ਮੌਜੂਦਾ ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਮੁਗਲਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਪਣੇ ਪ੍ਰਬੰਧ ਅਧੀਨ ਇਸ ਖਿੱਤੇ ਦੇ ਵਾਹੀਕਾਰਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਵੀ ਦਿੱਤੇ ਸਨ। ਜਿਸ ਲਈ ਇਨ੍ਹਾਂ ਹੱਕਾਂ 'ਤੇ ਪਹਿਰਾ ਦਿੰਦੇ ਹੋਏ ਇਸ ਖਿੱਤੇ ਦੇ ਕਿਸਾਨਾਂ ਨੇ ਜ਼ਮੀਨ ਦੀ ਵਾਹੀ ਕਰ ਕੇ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੂਹੀਆਂ ਸਨ। ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਸਮੁੱਚੇ ਸੂਬੇ ਦੇ ਵੱਖ-ਵੱਖ ਦੇ ਜ਼ਿਲ੍ਹਾ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਹਾੜੇ 'ਤੇ ਯਾਦ ਕਰਦੇ ਹੋਏ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਨਵੇਂ ਪ੍ਰੋਗਰਾਮ ਉਲੀਕ ਕੇ ਬਦਲੇ ਵਾਤਾਵਰਣ ਅਨੁਸਾਰ ਸਰਕਾਰਾਂ ਨੂੰ ਕਿਸਾਨ ਮਸਲੇ ਹੱਲ ਕਰਨ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਸਮੂਹ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਇਸ ਸਮਾਗਮ 'ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ।

Comments
Post a Comment