ਪੰਜਾਬ ਦੇ ਲੋਕਾਂ ਖ਼ਿਲਾਫ਼ ਮੰਦਭਾਗੀ ਭਾਸ਼ਾ ਬੋਲਣੀ ਪੰਜਾਬੀਆਂ ਦਾ ਨਿਰਾਦਰ: ਸੰਧੂ
ਚੰਡੀਗੜ੍ਹ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੰਗਣਾ ਰਣੌਤ ਦਾ ਪੰਜਾਬ ਦੇ ਲੋਕਾਂ ਨੂੰ ਮੰਦਭਾਗਾ ਬੋਲਣਾ ਬਹੁਤ ਹੀ ਨਿਖੇਧੀਯੋਗ ਵਰਤਾਰਾ ਹੈ। ਕੰਗਣਾ ਵਲੋਂ ਅਜਿਹਾ ਬਿਆਨ ਦੇ ਕੇ ਸਿਰਫ਼ ਪੰਜਾਬ ‘ਚ ਹੀ ਅੱਗ ਲਾਉਣ ਦਾ ਕੰਮ ਨਹੀਂ ਕੀਤਾ ਗਿਆ ਸਗੋਂ ਦੇਸ਼ ਦੇ ਦੂਜੇ ਹਿੱਸਿਆ ‘ਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਖ਼ਿਲਾਫ਼ ਵੀ ਆਰਐੱਸਐੱਸ ਦੇ ਏਜੰਡੇ ਤਹਿਤ ਫਿਰਕੂ ਮਹੌਲ ਕਾਇਮ ਕਰਨ ਲਈ ਨਵੇਂ ਰਾਹ ਘੜੇ ਜਾ ਰਹੇ ਹਨ।
ਸੰਧੂ ਨੇ ਅੱਗੇ ਕਿਹਾ ਕਿ ਬਿਨ੍ਹਾਂ ਪੜਤਾਲ ਤੋਂ ਐੱਫਆਈਆਰ ਦਰਜ ਕਰਨ ਅਤੇ ਬਿਨ੍ਹਾਂ ਪੜਤਾਲ ਤੋਂ ਚੰਡੀਗੜ੍ਹ ਪੁਲੀਸ ਵਲੋਂ ਸੀਆਈਐੱਸਐੱਫ ਦੀ ਮੁਲਾਜ਼ਮ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਘਟਨਾ ਸਥਾਨ ਪੈਂਦਾ ਹੀ ਪੰਜਾਬ ਹੈ।
ਸੰਧੂ ਨੇ ਕਿਹਾ ਕਿ ਜਦੋਂ ਕੰਗਣਾ ਵਲੋਂ ਕਿਸਾਨੀ ਅੰਦੋਲਨ ਵੇਲੇ ਸੌ ਸੌ ਰੁਪਏ ‘ਚ ਔਰਤਾਂ ਲਿਆਉਣ ਦਾ ਬਿਆਨ ਦਿੱਤਾ ਸੀ ਤਾਂ ਉਸ ਵੇਲੇ ਸੀਆਈਐੱਸਐੱਫ ਮੁਲਾਜ਼ਮ ਦੀ ਮਾਤਾ ਉਸ ਅੰਦੋਲਨ ‘ਚ ਸ਼ਾਮਲ ਸੀ। ਉਨ੍ਹਾ ਸਵਾਲ ਕੀਤਾ ਕਿ ਉਸ ਵੇਲੇ ਭਾਜਪਾ ਆਗੂ ਕਿੱਥੇ ਸਨ, ਜਿਹੜੇ ਹੁਣ ਫਟਾਫਟ ਬਿਆਨ ਜਾਰੀ ਕਰ ਰਹੇ ਹਨ।
ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੰਗਣਾ ਜਿੰਨਾ ਸਮਾਂ ਸਹੁੰ ਨਹੀਂ ਚੁੱਕਦੀ, ਉਸ ਵੇਲੇ ਤੱਕ ਉਹ ਪਬਲਿਕ ਸਰਵੈਂਟ ਨਹੀਂ। ਜਿਸ ਕਾਰਨ ਇਹ ਵੱਧ ਤੋਂ ਵੱਧ ਧਾਰਾ 323 ਦਾ ਹੀ ਮਾਮਲਾ ਹੈ।

Comments
Post a Comment