ਜਮਹੂਰੀ ਕਿਸਾਨ ਸਭਾ ਨੇ ਅਜਨਾਲਾ ਦੇ ਐਕਸੀਅਨ ਨੂੰ ਦਿੱਤਾ ਮੰਗ ਪੱਤਰ
ਅਜਨਾਲਾ: ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਸੱਦੇ ’ਤੇ ਅੱਜ ਇੱਥੇ ਕਿਸਾਨਾਂ ਮਜ਼ਦੂਰਾਂ ਨੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਲੋਹੜੇ ਦੀ ਗਰਮੀ ’ਚ ਪਾਵਰ ਕਾਰਪੋਰੇਸ਼ਨ ਵਿਰੁੱਧ ਪ੍ਰਦਰਸ਼ਨ ਕਰਦੇ ਤੇ ਨਾਅਰੇ ਮਾਰਦੇ ਹੋਏ ਵਧੀਕ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਜ਼ੋਰਦਾਰ ਮੁਜਾਹਰਾ ਕੀਤਾ। ਮੁਜਾਹਰੇ ’ਚ ਪਹੁੰਚ ਕੇ ਵਧੀਕ ਨਿਗਰਾਨ ਇੰਜੀਨੀਅਰ ਪੰਜਾਬ ਰਾਜ ਕਾਰਪੋਰੇਸ਼ਨ ਨੇ ਮੰਗ ਪੱਤਰ ਲਿਆ ਅਤੇ ਮੁਜਾਹਰਾਕਾਰੀਆਂ ਨੂੰ ਯਕੀਨ ਦਵਾਇਆ ਕਿ ਸੜੇ ਟਰਾਂਸਫਾਰਮਰ ਜਲਦੀ ਬਦਲੇ ਜਾਣਗੇ। ਇਸੇ ਤਰ੍ਹਾਂ ਜਿੰਨਾਂ ਟਰਾਂਸਫਾਰਮਰਾਂ ਦਾ ਤੇਲ ਚੋਰੀ ਹੋਇਆਂ ਹੋਵੇ ਉਸ ਦਾ ਤੇਲ ਜਾਣਕਾਰੀ ਮਿਲਣ ਉਪਰੰਤ ਪਾ ਦਿੱਤਾ ਜਾਵੇਗਾ। ਢਿੱਲੀਆਂ ਤਾਰਾਂ ਅਤੇ ਡਿੱਗੇ ਖੰਭਿਆਂ ਨੂੰ ਖੜੇ ਕਰਨ ਆਦਿਕ ਲਈ ਕਿਸਾਨਾਂ ਕੋਲੋਂ ਕੋਈ ਵੀ ਵਸੂਲੀ ਨਹੀਂ ਕੀਤੀ ਜਾਵੇਗੀ ਅਤੇ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇਗੀ।
ਵਫ਼ਦ ਦੀ ਮੰਗ ’ਤੇ ਐਕਸੀਅਨ ਨੇ ਵਾਅਦਾ ਕੀਤਾ ਕਿ ਘਰੇਲੂ ਬਿਜਲੀ 24 ਘੰਟੇ ਅਤੇ ਟਿਊਬਵੈਲ ਦੀ ਬਿਜਲੀ 8 ਘੰਟੇ ਦਿੱਤੀ ਜਾਵੇਗੀ। ਕਿਸਾਨ ਸਭਾ ਆਗੂਆਂ ਨੇ ਪੁਰਜ਼ੋਰ ਮੁੱਦਾ ਉਠਾਇਆ ਕਿ ਬਾਰਡਰ ਏਰੀਏ ਵਿੱਚ ਟਿਊਬਵੈਲ ਦੀ ਬਿਜਲੀ ਦਿਨ ਵੇਲੇ ਦਿੱਤੀ ਜਾਵੇ। ਐਕਸੀਅਨ ਨੇ ਇਹ ਮੰਗ ਤੁਰੰਤ ਮੰਨ ਲਈ, ਉਹਨਾਂ ਇਹ ਵੀ ਦੱਸਿਆ ਕਿ 24 ਜੁਲਾਈ ਤੱਕ ਟਿਊਬਵੈਲ ’ਤੇ ਘਰੇਲੂ ਬਿਜਲੀ ਖਪਤਕਾਰ ਦੇ ਘੱਟ ਰੇਟਾਂ ’ਤੇ ਆਪਣਾ ਲੋਡ ਵਧਾ ਸਕਦੇ ਹਨ। ਡੈਪੂਟੇਸ਼ਨ ਨੇ ਜ਼ੋਰਦਾਰ ਅਵਾਜ ਉਠਾਈ ਕਿ ਪਾਵਰ ਕਾਰਪੋਰੇਸ਼ਨ ਦੇ ਬਹੁਤੇ ਮੁਲਾਜ਼ਮ ਪੈਸੇ ਲੈਣ ਤੋਂ ਬਗੈਰ ਕੰਮ ਨਹੀਂ ਕਰਦੇ, ਜਿਸ ’ਤੇ ਐਕਸੀਅਨ ਨੇ ਕਿਹਾ ਕਿ ਅਜਿਹੇ ਕੇਸ ਉਨ੍ਹਾ ਦੇ ਧਿਆਨ ਵਿੱਚ ਲਿਆਂਦੇ ਜਾਣ, ਜਿਸ ’ਤੇ ਤੁਰੰਤ ਉਹਨਾਂ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰੀਪੇਡ ਮੀਟਰ ਨਹੀਂ ਲਗਾਏ ਜਾਣਗੇ।
ਇਸ ਮੌਕ ਹੋਰਨਾਂ ਤੋਂ ਇਲਾਵਾ ਜਲੂਸ ਤੇ ਮੁਜ਼ਾਹਰੇ ਦੀ ਅਗਵਾਈ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮੂਹਰੀ ਕਿਸਾਨ ਸਭਾ ਪੰਜਾਬ, ਕਿਸਾਨ-ਮਜ਼ਦੂਰ ਆਗੂ ਗੁਰਨਾਮ ਸਿੰਘ ਉਮਰਪੁਰਾ, ਟਹਿਲ ਸਿੰਘ ਚੇਤਨਪੁਰਾ, ਸਤਵਿੰਦਰ ਸਿੰਘ ਉਠੀਆਂ, ਤਰਸੇਮ ਸਿੰਘ ਕਾਮਲਪੁਰਾ, ਸੁਰਜੀਤ ਸਿੰਘ ਭੂਰੇ ਗਿੱਲ, ਅਜੀਤ ਕੌਰ ਕੋਟਰਜਾਦਾ ਤੇ ਬਲਕਾਰ ਸਿੰਘ ਗੁੱਲਗੜ ਨੇ ਕੀਤੀ। ਮੁਜ਼ਾਹਰਾਕਾਰੀਆਂ ਵਿੱਚ ਗਾਇਕ ਗੁਰਪਾਲ ਗਿੱਲ ਸੈਦਪੁਰ, ਸ਼ਮਸ਼ੇਰ ਸਿੰਘ ਡੱਲਾ, ਹਰਨੇਕ ਸਿੰਘ ਨੇਪਾਲ, ਅਮਰਜੀਤ ਸਿੰਘ ਭਿੰਡੀ ਸੈਦਾਂ, ਅਮਰਜੀਤ ਕੌਰ ਤੇ ਦਲਬੀਰ ਕੌਰ ਬੱਲੜਵਾਲ, ਹੰਸਾ ਸਿੰਘ ਭਿੰਡੀ ਸੈਦਾਂ, ਸ਼ਮਸੇਰ ਸਿੰਘ ਮਟੀਆ, ਜੱਗਪ੍ਰੀਤ ਸਿੰਘ ਜੋਸ਼ ਆਦਿ ਸ਼ਾਮਿਲ ਸਨ।

Comments
Post a Comment