ਵਿਛੜੇ ਸਾਥੀਆਂ ਦੀ ਬਰਸੀ ਮਨਾਈ
ਅਜਨਾਲਾ: ਜਨਤਕ ਜਥੇਬੰਦੀਆਂ ਵੱਲੋਂ ਅੱਜ ਦੇਸ਼ ਭਗਤ ਕਾ. ਹਜ਼ਾਰਾ ਸਿੰਘ ਜੱਸੜ ਅਤੇ ਉੱਘੀਆਂ ਸਮਾਜ ਸੇਵਕਾਵਾਂ ਗੁਰਮੀਤ ਕੌਰ ਸੂਫ਼ੀਆਂ ਤੇ ਕੰਵਲਜੀਤ ਕੌਰ ਉਮਰਪੁਰਾ ਦੀ ਸਾਂਝੀ ਬਰਸੀ ਮਨਾਈ ਗਈ। ਅਜੀਤ ਕੌਰ ਕੋਟਰਜਾਦਾ, ਸਤਵਿੰਦਰ ਸਿੰਘ ਓਠੀਆਂ, ਗੁਰਨਾਮ ਸਿੰਘ ਉਮਰਪੁਰਾ, ਬਲਕਾਰ ਸਿੰਘ ਗੁੱਲਗੜ੍ਹ ਤੇ ਵਿਰਸਾ ਸਿੰਘ ਟਪਿਆਲਾ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਚ ਇਲਾਕੇ ਭਰ ਵਿੱਚੋਂ ਔਰਤ ਮੁਕਤੀ ਮੋਰਚਾ, ਦਿਹਾਤੀ ਮਜ਼ਦੂਰ ਸਭਾ, ਜਮੂਹਰੀ ਕਿਸਾਨ ਸਭਾ ਪੰਜਾਬ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਤੇ ਕਾਰਕੁਨ ਸ਼ਾਮਲ ਹੋਏ। ਇਸ ਸਮਾਗਮ ਨੂੰ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਨੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਕਾ. ਜੱਸੜ ਜੀ ਦੀ ਦੇਸ਼ ਤੇ ਸਮਾਜ ਲਈ ਜਿਹੜੀ ਨਿਰਸਵਾਰਥ ਸੇਵਾ ਕੀਤੀ ਹੈ ਉਸ ਤੋਂ ਪਰੇਰਿਤ ਹੋਕੇ ਉਹ ਲੋਕਾਂ ਦੀਆਂ ਲਹਿਰਾਂ ਚ ਸ਼ਾਮਲ ਹੋਏ ਸਨ। ਸਾਥੀ ਰੰਧਾਵਾ ਨੇ ਅੱਗੇ ਕਿਹਾ ਕਿ ਅੱਜ ਦੇ ਬਹੁਤੇ ਆਗੂ ਸਮਾਜ ਸੇਵਾ ਦੀ ਥਾਂ ਆਪਣੇ ਕੁੰਨਬੇ ਨੂੰ ਉੱਚਾ ਚੁੱਕਣ ਵਿੱਚ ਲੱਗ ਜਾਂਦੇ ਹਨ ਤੇ ਸਮਾਜ ਸੇਵਾ ਭੁੱਲ ਜਾਦੇ ਹਨ।
ਇਸ ਸਮੇ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮੂਹਰੀ ਕਿਸਾਨ ਸਭਾ ਪੰਜਾਬ ਨੇ ਕਾ. ਜੱਸੜ ਅਤੇ ਸਮਾਜ ਸੇਵਕਾਵਾਂ ਗੁਰਮੀਤ ਕੌਰ ਸੂਫ਼ੀਆਂ ਤੇ ਕੰਵਲਜੀਤ ਕੌਰ ਉਮਰਪੁਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਕਿਹਾ ਕਿ ਜਿਹੜੇ ਲੋਕ ਆਪਣੇ ਵੱਡੇ ਵਡੇਰਿਆਂ ਨੂੰ ਭੁੱਲ ਜਾਦੇ ਹਨ ਉਹ ਕੌਮਾਂ ਕਦੇ ਜਿੰਦਾ ਨਹੀਂ ਰਹਿੰਦੀਆਂ। ਉਹਨਾਂ ਕਾ. ਜੱਸੜ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆ ਦੱਸਿਆ ਕਿ ਕਿਸਾਨ ਆਗੂ ਜੱਸੜ ਜੀ ਹੁਰਾ ਕਿਸਾਨਾਂ ਦੇ ਮਸੀਹਾ ਕਾ. ਦਲੀਪ ਸਿੰਘ ਟਪਿਆਲਾ ਹੋਣਾ ਦੀ ਅਗਵਾਈ ਵਿੱਚ ਬਾਰਡਰ ਦੇ ਅਬਾਦਕਾਰਾਂ ਦੀਆਂ ਕਈ ਜੇਤੂ ਲੜਾਈਆਂ ਲੜੀਆਂ। ਉਸ ਵੇਲੇ ਪੁਲਿਸ ਤੇ ਮਾਲ ਮਹਿਕਮੇ ਨੂੰ ਜ਼ਮੀਨਾਂ ਵਿੱਚੋਂ ਜਥੇਬੰਦਕ ਏਕਤਾ ਨਾਲ ਭਜਾਇਆ ਜਾਦਾ ਸੀ। ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਔਰਤ ਮੁਕਤੀ ਮੋਰਚਾ ਦੀਆਂ ਆਗੂਆਂ ਗੁਰਮੀਤ ਕੌਰ ਸੂਫ਼ੀਆਂ ਤੇ ਕੰਵਲਜੀਤ ਕੌਰ ਉਮਰਪੁਰਾ ਔਰਤਾਂ ਨੂੰ ਪਿੰਡ -ਪਿੰਡ ਜਥੇਬੰਦ ਕਰਕੇ ਜਾਣੂ ਕਰਵਾਉਂਦੀਆ ਸਨ ਕਿ ਮਰਦ ਤੇ ਔਰਤ ਦੇ ਬਰਾਬਰ ਅਧਿਕਾਰ ਹਨ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੱਲੂਨੰਗਲ, ਸਮਾਜ ਸੇਵਕ ਬਲਵਿੰਦਰ ਸਿੰਘ ਝਬਾਲ, ਸੁਰਜੀਤ ਸਿੰਘ ਦੁਧਰਾਏ, ਬਿਕਰਮਜੀਤ ਸਿੰਘ ਕੁਹਾਲੀ, ਵਿਸਾਖਾ ਸਿੰਘ ਭਗਵਾਂ, ਦਿਲਬਾਗ ਸਿੰਘ ਖਤਰਾਏ ਕਲਾਂ, ਸੁਰਜੀਤ ਸਿੰਘ ਭੂਰੇਗਿੱਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਦਲਜੀਤ ਕੌਰ, ਮੋਹਣ ਭੰਡਾਰੀਆ, ਰਤਨਜੀਤ ਕੌਰ ਸੈਦਪੁਰ, ਸਿਮਰਨਜੀਤ ਕੌਰ ਡੱਲਾ ਰਾਜਪੂਤਾਂ, ਸੁੱਚਾ ਸਿੰਘ ਘੋਗਾ, ਕਰਨੈਲ ਸਿੰਘ ਭਿੰਡੀ ਸੈਦਾਂ, ਕਰਮਜੀਤ ਕੌਰ ਸੂਫ਼ੀਆਂ, ਲਖਵਿੰਦਰ ਕੌਰ ਭੋਏਵਾਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Comments
Post a Comment