ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਕੀਤਾ ਯਾਦ
ਫਤਿਆਬਾਦ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪਿੰਡ ਤੁੜ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਮਨਾਇਆ ਗਿਆ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਗਟ ਸਿੰਘ ਜਾਮਾਰਾਏ ਅਤੇ ਮੁਖਤਾਰ ਸਿੰਘ ਮੱਲਾ ਨੇ ਕਿਹਾ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਥੇ ਸਮਾਣਾ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜਾਦਿਆਂ ਉਪਰ ਕੀਤੇ ਜ਼ੁਲਮ ਦਾ ਬਦਲਾ ਲਿਆ ਓਥੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਗਿਆ। ਇਸ ਦੀ ਕੀਮਤ ਉਹਨਾਂ ਨੂੰ ਆਪਣੇ ਚਾਰ ਸਾਲ ਦੇ ਬੱਚੇ ਦੇ ਕਾਲਜੇ ਨੂੰ ਮੂੰਹ ਵਿੱਚ ਪਵਾਉਣ ਅਤੇ ਆਪਣੇ ਅਕੀਦੇ ਤੇ ਰਹਿੰਦੇ ਹੋਏ ਸ਼ਹਾਦਤ ਦਾ ਜਾਮ ਪੀ ਕੇ ਤਾਰਨੀ ਪਈ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਪ੍ਰੇਰਨਾ ਲੈਕੇ ਮੌਜੂਦਾ ਹਾਲਤ ਵਿੱਚ ਲੜਨ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬੇ ਦੇ ਮੀਤ ਪ੍ਰਧਾਨ ਸਲੱਖਣ ਸਿੰਘ ਤੁੜ, ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ, ਜੰਗ ਬਹਾਦਰ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਕੱਠ ਦੀ ਪ੍ਰਧਾਨਗੀ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਬੱਦਲ ਨੇ ਕੀਤੀ। ਸਟੇਜ ਸਕੱਤਰ ਦੇ ਫਰਜ ਰੇਸ਼ਮ ਸਿੰਘ ਫੇਲੋਕੇ ਨੇ ਬਾਖੂਬੀ ਨਿਭਾਏ।

Comments
Post a Comment