ਟੇਲਾਂ ਤੱਕ ਪਾਣੀ ਪੁੱਜਦਾ ਕਰਨ ਦਾ ਦਾਅਵਾ ਖੋਖਲਾ, ਹਾਲੇ ਤਾਂ ਸਾਰੀਆਂ ਨਹਿਰਾਂ ਵੀ ਨਹੀਂ ਪੱਕੀਆਂ
ਖਿਲਚੀਆਂ: ਪੰਜਾਬ ਸਰਕਾਰ ਦੇ ਟੇਲਾਂ ਤੱਕ ਪਾਣੀ ਪੁੱਜਦਾ ਕਰਨ ਦੇ ਦਾਅਵੇ ਖੋਖਲੇ ਸਿੱਧ ਹੋ ਗਏ ਹਨ। ਇਹ ਵੀ ਹੋ ਸਕਦਾ ਹੈ ਕਿ ਕੁੱਝ ਥਾਵਾਂ ’ਤੇ ਪਾਣੀ ਪੁੱਜਦਾ ਹੋਇਆ ਵੀ ਹੋਵੇ ਪਰ ਹਰ ਥਾਂ ਪਾਣੀ ਪੁੱਜਦਾ ਕਰਨ ਦਾ ਦਾਅਵਾ ਗਲਤ ਹੈ। ਇਸ ਦਾ ਪ੍ਰਗਟਾਵਾ ਰਈਏ ਤੋਂ ਅੰਮ੍ਰਿਤਸਰ ਦੇ ਵਿਚਾਲੇ ਐੱਸਕੇ 7 ਢਾਬੇ ਦੇ ਪਿਛਲੇ ਪਾਸੇ ਨਹਿਰ ਦੇ ਚਲਦੇ ਕੰਮ ਤੋਂ ਪਤਾ ਲਗਦਾ ਹੈ।
ਇਹ ਕੰਮ ਤਾਂ ਬਾਦਲ ਸਰਕਾਰ ਵੇਲੇ ਦਾ ਹੈ ਬਕਾਇਆ
ਕੈਪਟਨ ਸਰਕਾਰ ਤੋਂ ਪਹਿਲਾ ਬਾਦਲ ਸਰਕਾਰ ਨੇ ਨਹਿਰਾਂ ਪੱਕੀਆਂ ਕਰਨ ਦਾ ਦਾਅਵਾ ਬਹੁਤ ਜੋਰ ਸ਼ੋਰ ਨਾਲ ਕੀਤਾ ਸੀ। ਇਹ ਨਹਿਰ ਤਾਂ ਉਸ ਵੇਲੇ ਵੀ ਪੱਕੀ ਨਹੀਂ ਹੋਈ। ਹਾਲ ‘ਚ ਹੀ ਇਸ ਨਹਿਰ ਨੂੰ ਪੱਕੇ ਕਰਨ ਦਾ ਕੰਮ ਚਲ ਰਿਹਾ ਹੈ।
ਜਾਣਕਾਰੀ ਮੁਤਾਬਿਕ ਨਹਿਰ ਦਾ ਇਹ ਟੋਟਾ ਹਾਲੇ ਪੰਜ ਕਿਲੋਮੀਟਰ ਹੀ ਪੱਕਾ ਹੋਇਆ ਹੈ। 12-13 ਕਿਲੋਮੀਟਰ ਦਾ ਟੋਟਾ ਹਾਲੇ ਵੀ ਬਕਾਇਆ ਹੈ। ਜਿਸ ਦੀ ਮੌਜੂਦਾ ਸੀਜ਼ਨ ’ਚ ਪੱਕੇ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।
ਆਮ ਆਦਮੀ ਪਾਰਟੀ ਸਰਕਾਰ ਦਾ ਦਾਅਵਾ
ਮੌਜੂਦਾ ਪੰਜਾਬ ਸਰਕਾਰ ਇਹ ਦਾਅਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਦਾ ਸਰਕਾਰ ਨੇ ਨਹਿਰਾਂ, ਸੂਏ, ਕੱਸੀਆਂ ਤੱਕ ਪਾਣੀ ਪੁੱਜਦਾ ਕਰ ਦਿੱਤਾ ਹੈ। ਮੁਖ ਮੰਤਰੀ ਭਗਵੰਤ ਮਾਨ ਤਾਂ ਨਹਿਰਾਂ ਦੇ ਪਾਣੀ ਦੇ ਗੁਣ ਵੀ ਦੱਸਦੇ ਹੋਏ ਮਾਣ ਨਾਲ ਦੱਸਦੇ ਹਨ ਕਿ ਲੱਖਾਂ ਟਿਊਂਬਵੈਂਲਾਂ ਦਾ ਪਾਣੀ ਬਚਾ ਲਿਆ ਗਿਆ।
ਹਕੀਕਤ ’ਚ ਟੇਲਾਂ ਤੱਕ ਪਾਣੀ ਪੁੱਜਦਾ ਕਰਨ ਦੀ ਰਿਪੋਰਟ ਸੌ ਪ੍ਰਤੀਸ਼ਤ ਸੱਚੀ ਨਹੀਂ ਹੈ। ਹਾਲੇ ਕੁੱਝ ਦਿਨ ਪਹਿਲਾ ਹੀ ਨਹਿਰੀ ਵਿਭਾਗ ਦੇ ਪਟਵਾਰੀਆਂ ਨੂੰ ਕਥਿਤ ਤੌਰ ’ਤੇ ਸੌ ਪ੍ਰਤੀਸ਼ਤ ਪਾਣੀ ਪੁੱਜਦਾ ਕਰਨ ਦੀ ਰਿਪੋਰਟ ਬਣਾਉਣ ਦੇ ਆਏ ਹੁਕਮਾਂ ਕਾਰਨ ਇਹ ਸਾਰਾ ਮਾਮਲਾ ਉਜਾਗਰ ਹੋ ਚੁੱਕਾ ਹੈ।
ਜਮਹੂਰੀ ਕਿਸਾਨ ਸਭਾ ਦਾ ਪੱਖ
ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਬੁਟਾਰੀ ਦੱਸਦੇ ਹਨ ਕਿ ਇਸ ਨਹਿਰ ਦਾ ਕੰਮ ਕਿਸੇ ਵੀ ਹਾਲਤ ’ਚ ਝੋਨੇ ਦੇ ਇਸ ਸੀਜ਼ਨ ’ਚ ਮੁਕੰਮਲ ਨਹੀਂ ਹੋ ਸਕੇਗਾ। ਉਨ੍ਹਾ ਦੱਸਿਆ ਕਿ ਕੁੱਝ ਦਿਨ ਪਹਿਲਾ ਸਭਾ ਦੇ ਵੱਡੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਨਹਿਰੀ ਵਿਭਾਗ ਦੇ ਐੱਸਈ ਕੁਲਵਿੰਦਰ ਸਿੰਘ ਨੂੰ ਮਿਲੇ ਸਨ। ਜਿਥੇ ਇਸ ਨਹਿਰ ਦਾ ਮਸਲਾ ਵੀ ਚੁੱਕਿਆ ਸੀ।
ਕੀ ਹੈ ਹੋਰ ਅੜਿੱਕਾ
ਇਸ ਨਹਿਰ ਨੂੰ ਮੁਕੰਮਲ ਪੱਕਾ ਕਰਨ ਲਈ ਇਕ ਹੋਰ ਮੁਸ਼ਕਲ ਵੀ ਦਰਪੇਸ਼ ਹੈ ਕਿ ਇੱਕ ਪਿੰਡ ਦੇ ਕਿਸਾਨਾਂ ਦੀ ਜ਼ਮੀਨ ’ਚੋਂ ਇਹ ਨਹਿਰ ਲੰਘਦੀ ਹੈ। ਇਸ ਪਿੰਡ ਦੇ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਹਰਪ੍ਰੀਤ ਬੁਟਾਰੀ ਨੇ ਦੱਸਿਆ ਕਿ ਜਦੋਂ ਉਹ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ ਸਨ ਤਾਂ ਪਤਾ ਲੱਗਾ ਕਿ ਪੰਜਾਬ ਸਰਕਾਰ ਹਾਲ ਦੀ ਘੜੀ ਮੁਆਵਜ਼ਾ ਦੇਣ ਦੀ ਸਥਿਤੀ ’ਚ ਨਹੀਂ ਹੈ। ਜਿਸ ਕਾਰਨ ਕੁੱਝ ਕਿਲੋਮੀਟਰ ਦਾ ਟੋਟਾ ਹਾਲ ਦੀ ਘੜੀ ਪੱਕਾ ਹੋ ਹੀ ਨਹੀਂ ਸਕਣਾ ਕਿਉਂਕਿ ਇਸ ਪਿੰਡ ਦੇ ਕਿਸਾਨਾਂ ਨੇ ਮੁਆਵਜ਼ਾ ਨਾ ਦੇਣ ਦੀ ਸੂਰਤ ’ਚ ਨਹਿਰ ਨੂੰ ਪੱਕਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।


Comments
Post a Comment