ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਕੀਤਾ ਯਾਦ
ਪੱਟੀ: ਜਮਹੂਰੀ ਕਿਸਾਨ ਸਭਾ ਦੇ ਆਗੂ ਜਗੀਰ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਪਿੰਡ ਗੰਡੀਵਿੰਡ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਭਾ ਦੇ ਆਗੂ ਮਾ. ਹਰਭਜਨ ਸਿੰਘ ਚੂਸਲੇਵੜ ਤੇ ਸਤਨਾਮ ਸਿੰਘ ਨੇ ਬਾਬਾ ਜੀ ਦੇ ਜੀਵਨ, ਲਾਸਾਨੀ ਕੁਰਬਾਨੀ, ਸਿੱਖ ਰਾਜ ਦੀ ਨੀਂਹ ਰੱਖਣ, ਕਿਸਾਨਾਂ ਨੂੰ ਮਾਲਕੀ ਹੱਕ ਦੇਣ ਤੇ ਨਾਨਕਸ਼ਾਹੀ ਸਿੱਕਾ ਜਾਰੀ ਕਰਨ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਮੌਕੇ ਸਮੂਹ ਹਾਜ਼ਰੀਨ ਨੇ ਪ੍ਰਣ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਕਿਸਾਨਾਂ ਤੇ ਕਿਰਤੀ ਲੋਕਾਂ ਦੇ ਹੱਕਾਂ ਲਈ ਹਰ ਤਰ੍ਹਾਂ ਦੇ ਜਥੇਬੰਦਕ ਸੰਘਰਸ਼ ਲਈ ਜੂਝਾਗੇ। ਇਸੇ ਤਰ੍ਹਾਂ ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੀ ਮਹਿਲਾ ਅਧਿਕਾਰੀ ਕਲਵਿੰਦਰ ਕੌਰ ਦੀ ਬਹਾਦਰੀ ਦੀ ਵੀ ਹਾਜ਼ਰੀਨ ਨੇ ਖੂਬ ਚਰਚਾ ਕੀਤੀ। ਚਰਚਾ ਦੌਰਾਨ ਕਿਹਾ ਕਿ ਮੀਡੀਆ ਰੀਪੋਰਟਾਂ ਤੋਂ ਸਪੱਸ਼ਟ ਹੁੰਦਾ ਕਿ ਕਲਵਿੰਦਰ ਕੌਰ ਨੇ ਕੰਗਣਾ ਤੋਂ ਡਿਊਟੀ ਅਨੁਸਾਰ ਕੁਝ ਡਾਕੂਮੈਂਟ ਦੀ ਮੰਗ ਕੀਤੀ। ਕੰਗਣਾ ਨੇ ਕੁਲਵਿੰਦਰ ਕੌਰ ਨੂੰ ਖਾਲਸਤਾਨੀ ਕਿਹਾ ਜਿਸ ਕਾਰਨ ਉਸ ਨੂੰ ਕੰਗਣਾ ਦੇ ਕਿਸਾਨੀ ਸੰਘਰਸ਼ ਵੇਲੇ ਦੀ ਗ਼ਲਤ ਬਿਆਨੀ ਵੀ ਚੇਤੇ ਆ ਗਈ। ਇਸ ਤਰ੍ਹਾਂ ਕਲਵਿੰਦਰ ਕੌਰ ਨੂੰ ਗੁੱਸਾ ਆਉਣਾ ਸੁਭਾਵਿਕ ਸੀ ਤੇ ਘਟਨਾ ਵਾਪਰ ਗਈ।
ਹਾਜ਼ਰੀਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੜਤਾਲ ਕਰਨ ਉਪਰੰਤ ਬਿਨਾਂ ਸੋਚੇ ਸਮਝੇ ਕੰਗਣਾ ਵੱਲੋਂ ਕਲਵਿੰਦਰ ਕੌਰ ਨੂੰ ਕੌਰ ਖਾਲਿਸਤਾਨੀ ਕਹਿ ਕੇ ਗੁੱਸੇ ਲਈ ਮਜਬੂਰ ਕਰਨਾ ਜੇ ਸੱਚ ਹੈ ਤਾਂ ਕੰਗਣਾ ਤੇ ਵੀ ਗ਼ਲਤ ਬਿਆਨੀ ਦਾ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਗੁਰਦਿਆਲ ਸਿੰਘ ਗੰਡੀਵਿੰਡ ਨੇ ਕਿਹਾ ਕਿ ਕਲਵਿੰਦਰ ਕੌਰ ਦੀ ਮਾਤਾ ਦੇ ਨਾਨਕੇ ਇਸੇ ਪਿੰਡ ਹਨ ਤੇ ਕਲਵਿੰਦਰ ਕੌਰ ਨਾਲ ਸਾਡੇ ਪਿੰਡ ਦਾ ਖੂਨੀ ਰਿਸ਼ਤਾ ਹੈ।
ਇਸ ਮੌਕੇ ਦਿਲਬਾਗ ਸਿੰਘ, ਸੁਖਦੇਵ ਸਿੰਘ ਦੋਵੇਂ ਪਿੰਡ ਮਹਰਾਣਾ, ਬਲਬੀਰ ਸਿੰਘ ਨਬੀਪੁਰ, ਭਜਨ ਸਿੰਘ, ਸੁਖਦੇਵ ਸਿੰਘ ਚੂਸਲੇਵੜ, ਜੀਵਨ ਸਿੰਘ, ਨਿਸ਼ਾਨ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।ਅੰਤ ਵਿੱਚ ਦਿਲਬਾਗ ਸਿੰਘ ਗੰਡੀਵਿੰਡ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

Comments
Post a Comment