ਸੰਯੁਕਤ ਮੋਰਚੇ ਤੇ ਜਨਤਕ ਜਥੇਬੰਦੀਆਂ ਵੱਲੋਂ ਮਾਰਚ ਕਰਕੇ ਭਾਜਪਾ ਨੂੰ ਹਰਾਉਣ ਦਾ ਦਿੱਤਾ ਸੱਦਾ
ਅੰਮ੍ਰਿਤਸਰ: ਦੇਸ਼ ਦੇ ਸੰਵਿਧਾਨ, ਜਮੂਹਰੀਅਤ, ਫੈਡਰਲ ਢਾਂਚਾ, ਧਰਮ ਨਿਰਪੱਖਤਾ, ਏਕਤਾ ਅਖੰਡਤਾ ਤੇ ਜਲ, ਜੰਗਲ ਜ਼ਮੀਨ ਤੇ ਦੁਕਾਨਦਾਰ ਤੇ ਹੋਰ ਕਾਰੋਬਾਰੀਆਂ ਨੂੰ ਬਚਾਉਣ ਲਈ ਦੇਸ਼ ਵਿੱਚੋਂ ਇੰਨਾਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਸਥਾਨਕ ਬਜ਼ਾਰਾਂ ਵਿੱਚ ਕੜਕਦੀ ਧੁੱਪ ਵਿੱਚ ਮਾਰਚ ਕਰਕੇ ਸੱਦਾ ਦਿੱਤਾ ਗਿਆ।
ਇਸ ਸਮੇਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਹਾਲ ਗੇਟ, ਕੱਟੜਾ ਜੈਮਲ ਸਿੰਘ, ਕੱਟੜਾ ਸ਼ੇਰ ਸਿੰਘ, ਪਿੰਕ ਪਲਾਜ਼ਾ ਆਦਿ ਮਾਰਕੀਟਾਂ ਵਿੱਚ ਮਾਰਚ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਧਨਵੰਤ ਸਿੰਘ ਖਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ, ਬਲਕਾਰ ਸਿੰਘ ਦੁਧਾਲਾ, ਸੁਰਿੰਦਰ ਸਿੰਘ ਮੀਰਾਂਕੋਟ ਨੇ ਵੱਖ ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਵਿੱਚ ਜੀਐਸਟੀ ਤੇ ਨੋਟਬੰਦੀ ਕਰਕੇ ਸਮੁੱਚੇ ਕਾਰਬੋਰ ਨੂੰ ਵੱਡੀ ਸੱਟ ਮਾਰੀ ਹੈ, ਜਿਸ ਕਾਰਨ ਦੇਸ਼ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਦਰ ਪਿਛਲੇ ਪੰਜਤਾਲੀ ਸਾਲਾਂ ਵਿੱਚ ਸੱਭ ਤੋਂ ਉੱਚੀ ਹੈ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦਸ ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਜਲ, ਜੰਗਲ, ਜ਼ਮੀਨ ਤੇ ਕਬਜ਼ਾ ਕਰਵਾਉਣ ਲਈ ਤਿੰਨ ਖੇਤੀ ਕਾਨੂੰਨ, ਜੰਗਲ ਐਕਟ ਵਿੱਚ ਸੋਧਾਂ ਕਰਨੀਆਂ, ਡੈਮ ਸੇਫਟੀ ਐਕਟ ਆਦਿ ਕਾਨੂੰਨ ਲਿਆਂਦੇ। ਮੋਦੀ ਸਰਕਾਰ ਨੇ ਨਿੱਜੀਕਰਨ ਦਾ ਦੌਰ ਚਲਾਉਂਦਿਆਂ ਹਵਾਈ ਜਹਾਜ਼, ਰੇਲਵੇ, ਬੰਦਰਗਾਹਾਂ ਆਦਿ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ।
ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਦਬਾਉਣ ਤੇ ਧਰੁਵੀਕਰਨ ਲਈ ਬਲਡੋਜਰ ਨੀਤੀ ਲਾਗੂ ਕੀਤੀ ਗਈ। ਮੋਦੀ ਅਗਲੇ ਸਮੇਂ ਵਿੱਚ ਦੇਸ਼ ਦਾ ਪਰਚੂਨ ਖੇਤਰ, ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦਾ ਹੈ। ਇਸ ਲਈ ਇੰਨਾਂ ਚੋਣਾਂ ਵਿੱਚ ਮੋਦੀ ਨੂੰ ਹਰਾਉਣਾਂ ਅਤਿਅੰਤ ਜ਼ਰੂਰੀ ਹੈ। ਇਸ ਸਮੇਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵਿੱਚੋਂ ਬਾਹਰ ਨਿੱਕਲ ਕੇ ਆਗੂਆਂ ਦੇ ਵਿਚਾਰ ਸੁਣੇ ਤੇ ਹੱਥ ਹਿਲਾ ਕੇ ਬੀਜੇਪੀ ਨੂੰ ਹਰਾਉਣ ਦੇ ਸੱਦੇ ਦਾ ਸਮਰਥਨ ਕੀਤਾ। ਇਸ ਸਮੇਂ ਸਤਨਾਮ ਸਿੰਘ ਝੰਡੇਰ, ਟਹਿਲ ਸਿੰਘ ਚੇਤਨਪੁਰਾ, ਹਰਪਾਲ ਸਿੰਘ ਛੀਨਾ, ਰਵਿੰਦਰ ਸਿੰਘ ਛੱਜਲਵੱਡੀ, ਬਲਵਿੰਦਰ ਸਿੰਘ ਝਬਾਲ, ਮੇਜਰ ਸਿੰਘ ਕੜਿਆਲ, ਹਰਨੇਕ ਸਿੰਘ ਨਪਾਲ, ਸੁਰਜੀਤ ਸਿੰਘ ਭੂਰੇ ਗਿੱਲ ਆਦਿ ਹਾਜ਼ਰ ਸਨ।

Comments
Post a Comment